05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਅੰਮਿ੍ਤਸਰ ਹਵਾਈ ਅੱਡੇ 'ਤੇ ਯਾਤਰੀਆਂ ਦੀ ਆਮਦ ਵਿਚ ਸਾਲ 2025 'ਚ ਦਰਜ ਕੀਤੀ ਗਈ ਵੱਡੀ ਗਿਰਾਵਟ-ਅੰਮਿ੍ਤਸਰ ਫ਼ਲਾਈ ਇਨੀਸ਼ਿਏਟਿਵ -ਕਿਹਾ, ਸਰਹੱਦੀ ਤਣਾਅ, ਬੁਨਿਆਦੀ ਢਾਂਚੇ ਅਤੇ ਟਰਾਂਸਪੋਰਟ ਦੀਆਂ ਕਮੀਆਂ ਏਅਰਪੋਰਟ ਦੇ ਵਿਕਾਸ ਦੇ ਰਾਹ ਵਿਚ ਬਣੇ ਵੱਡੀ ਰੁਕਾਵਟ

ਅਜੀਤ ਡੈਸਕ 20-02-2026
ਅੰਮਿ੍ਤਸਰ, 19 ਫਰਵਰੀ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਸਾਲ 2025 ਦੌਰਾਨ ਯਾਤਰੀਆਂ ਦੀ ਆਵਾਜਾਈ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ | ਇਹ ਜਾਣਕਾਰੀ ਏਅਰਪੋਰਟਸ ਅਥਾਰਟੀ ਆਫ਼ ਇੰਡੀਆ ਵਲੋਂ ਜਾਰੀ ਕੀਤੇ ਗਏ ਦਸੰਬਰ ਮਹੀਨੇ ਦੇ ਅੰਕੜਿਆਂ ਦੇ ਅਧਾਰ 'ਤੇ ਸਮਾਜ ਸੇਵੀ ਸੰਸਥਾ ਫ਼ਲਾਈ ਅੰਮਿ੍ਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਵਲੋਂ ਕੀਤੇ ਗਏ ਵਿਸ਼ਲੇਸ਼ਣ ਰਾਹੀਂ ਸਾਹਮਣੇ ਆਈ ਹੈ | ਸ: ਗੁਮਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੀਤੇ ਗਏ ਵਿਸ਼ਲੇਸ਼ਣ ਮੁਤਾਬਕ ਦਸੰਬਰ 2025 ਵਿਚ ਅੰਮਿ੍ਤਸਰ ਹਵਾਈ ਅੱਡਾ ਵਿਖੇ ਕੁੱਲ ਯਾਤਰੀਆਂ ਦੀ ਗਿਣਤੀ 2,67,525 ਰਹੀ, ਜੋ ਕਿ ਦਸੰਬਰ 2024 ਦੇ 3,40,408 ਯਾਤਰੀਆਂ ਦੇ ਮੁਕਾਬਲੇ 21.4 ਫੀਸਦੀ ਘੱਟ ਹੈ | ਇਸ ਦੌਰਾਨ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ 1,10,670 ਤੋਂ ਘਟ ਕੇ 95,774 (13.5 ਫੀਸਦੀ ਗਿਰਾਵਟ) ਰਹਿ ਗਈ, ਜਦਕਿ ਘਰੇਲੂ ਯਾਤਰੀਆਂ ਦੀ ਗਿਣਤੀ 2,29,738 ਤੋਂ ਘਟ ਕੇ 1,71,751 (25.2) ਫੀਸਦੀ ਗਿਰਾਵਟ) ਰਹੀ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਭ ਤੋਂ ਵੱਡਾ ਅਸਰ ਘਰੇਲੂ ਆਵਾਜਾਈ 'ਤੇ ਪਿਆ ਹੈ | ਉਨ੍ਹਾਂ ਦੱਸਿਆ ਕਿ ਇਥੇ ਹਵਾਈ ਜਹਾਜ਼ਾਂ ਦੀ ਕੁੱਲ ਆਵਾਜਾਈ ਵੀ 20.8 ਫੀਸਦੀ ਘੱਟ ਕੇ 2,006 ਤੋਂ 1,588 ਰਹੀ | ਪੂਰੇ ਸਾਲ 2025 ਦੌਰਾਨ ਹਵਾਈ ਅੱਡੇ 'ਤੇ ਕੁੱਲ ਯਾਤਰੀਆਂ ਦੀ ਗਿਣਤੀ 31.45 ਲੱਖ ਦਰਜ ਕੀਤੀ ਗਈ, ਜੋ ਕਿ ਸਾਲ 2024 ਦੇ ਰਿਕਾਰਡ 34.26 ਲੱਖ ਯਾਤਰੀਆਂ ਦੇ ਮੁਕਾਬਲੇ 8.2 ਫੀਸਦੀ ਘੱਟ ਹੈ | ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ 11.14 ਲੱਖ ਤੋਂ ਘੱਟ ਕੇ 10.92 ਲੱਖ (-1.9%) ਰਹੀ, ਜਦਕਿ ਘਰੇਲੂ ਯਾਤਰੀਆਂ ਦੀ ਗਿਣਤੀ 23.12 ਲੱਖ ਤੋਂ ਘੱਟ ਕੇ 20.53 ਲੱਖ (-11.2%) ਰਹੀ | ਹਵਾਈ ਜਹਾਜ਼ਾਂ ਦੀ ਕੁੱਲ ਆਵਾਜਾਈ ਵੀ ਸਾਲ 2024 ਦੀਆਂ 22,614 ਉਡਾਣਾਂ ਦੇ ਮੁਕਾਬਲੇ, 12.4 ਫੀਸਦੀ ਘਟ ਕੇ, 2025 ਵਿਚ 19,817 ਰਹਿ ਗਈ ਹੈ | ਉਨ੍ਹਾਂ ਦੱਸਿਆ ਕਿ 2025 ਦੀ ਸ਼ੁਰੂਆਤ ਬਹੁਤ ਸ਼ਾਨਦਾਰ ਰਹੀ ਸੀ ਅਤੇ ਮਾਰਚ 2025 ਵਿਚ 3,43,384 ਯਾਤਰੀਆਂ ਦੇ ਨਾਲ ਇਤਿਹਾਸਕ ਅੰਕੜਾ ਦਰਜ ਕੀਤਾ ਗਿਆ ਸੀ, ਪਰ ਮਈ ਵਿਚ ਭਾਰਤ-ਪਾਕਿਸਤਾਨ ਟਕਰਾਅ ਕਾਰਨ ਹਵਾਈ ਅੱਡੇ ਦੇ ਅਸਥਾਈ ਤੌਰ 'ਤੇ ਬੰਦ ਹੋਣ ਅਤੇ ਉਪਰੰਤ ਉਡਾਣਾਂ ਦੀ ਗਿਣਤੀ ਵਿਚ ਕਮੀ ਕਾਰਨ ਇਹ ਵਾਧਾ ਰੁੱਕ ਗਿਆ | ਸਾਲ ਦੇ ਅਖੀਰਲੇ ਮਹੀਨੇ ਵਿਚ ਦਰਜ ਕੀਤੀ ਗਈ ਇਸ ਗਿਰਾਵਟ ਦਾ ਵੱਡਾ ਕਾਰਨ ਖਰਾਬ ਮੌਸਮ ਅਤੇ ਉਡਾਣਾਂ ਵਿਚ 2024 ਦੇ ਮੁਕਾਬਲੇ ਦਸੰਬਰ 2025 ਵਿਚ ਹੋਈ ਕਮੀ ਨੂੰ ਮੰਨਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ਤੇ ਕੈਟ-3ਬੀ ਲੈਂਡਿੰਗ ਸਿਸਟਮ ਹੋਣ ਦੇ ਬਾਵਜੂਦ ਦਸੰਬਰ ਵਿਚ ਧੁੰਦ ਇੰਨੀ ਸੰਘਣੀ ਸੀ, ਕਿ ਵਿਜ਼ੀਬਿਲਟੀ ਜ਼ੀਰੋ ਦੇ ਨੇੜੇ ਪਹੁੰਚ ਜਾਣ ਕਾਰਨ ਕਈ ਉਡਾਣਾਂ ਰੱਦ ਕਰਨੀਆਂ ਪਈਆਂ | ਇਸ ਤੋਂ ਇਲਾਵਾ ਨਿਓਸ ਏਅਰ (ਇਟਲੀ) ਅਤੇ ਏਅਰ ਇੰਡੀਆ ਐਕਸਪ੍ਰੈਸ (ਬੈਂਕਾਕ) ਵਲੋਂ ਸੇਵਾਵਾਂ ਮੁਅੱਤਲ ਕਰਨ ਅਤੇ ਇੰਡੀਗੋ ਵਲੋਂ ਕੁਝ ਘਰੇਲੂ ਉਡਾਣਾਂ ਵਿਚ ਕੀਤੀ ਕਟੌਤੀ ਨੇ ਯਾਤਰੀਆਂ ਦੀ ਗਿਣਤੀ 'ਤੇ ਅਸਰ ਪਾਇਆ | ਉਨ੍ਹਾਂ ਹਵਾਈ ਅੱਡੇ ਪ੍ਰਤੀ ਪੰਜਾਬ ਸਰਕਾਰ ਦੇ ਰਵੱਈਏ 'ਤੇ ਨਿਰਾਸ਼ਾ ਜਤਾਉਂਦਿਆਂ ਕਿਹਾ ਕਿ ਇਸ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਜਨਤਕ ਆਵਾਜਾਈ ਦੇ ਪ੍ਰਬੰਧਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਅੰਮਿ੍ਤਸਰ ਹਵਾਈ ਅੱਡਾ ਅਜੇ ਵੀ ਦੁਬਈ, ਸ਼ਾਰਜਾਹ, ਦੋਹਾ, ਬਰਮਿੰਘਮ, ਲੰਡਨ, ਸਿੰਗਾਪੁਰ, ਕੁਆਲਾਲੰਪੁਰ ਅਤੇ ਬੈਂਕਾਕ ਸਮੇਤ ਕਈ ਅੰਤਰਰਾਸ਼ਟਰੀ ਅਤੇ ਦਿੱਲੀ, ਮੁੰਬਈ, ਬੈਂਗਲੁਰੂ ਵਰਗੇ ਪ੍ਰਮੁੱਖ ਘਰੇਲੂ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ |
ਪਿਛਲੀ ਖ਼ਬਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਵਲੋਂ ਅਲਟੀਮੇਟਮ ਦੇਣਾ ਮੰਦਭਾਗਾ-ਕੁਲਦੀਪ ਸਿੰਘ ਧਾਲੀਵਾਲ ਅਗਲੀ ਖ਼ਬਰ ਵਿਧਾਇਕ ਡਾ. ਨਿੱਝਰ ਨੇ ਕ੍ਰਿਕਟ ਸਟੇਡੀਅਮ ਦੇ ਨਿਰਮਾਣ ਕਾਰਜ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।