ਸੁਲਤਾਨਵਿੰਡ, 19 ਫਰਵਰੀ (ਗੁਰਨਾਮ ਸਿੰਘ ਬੁੱਟਰ)-ਹਲਕਾ ਦੱਖਣੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਵਾਰਡ ਨੰਬਰ 36 ਪਿੰਡ ਸੁਲਤਾਨਵਿੰਡ ਵਿਖੇ ਕ੍ਰਿਕਟ ਸਟੇਡੀਅਮ ਦੇ ਨਿਰਮਾਣ ਕਾਰਜ ਦਾ ਸ਼ੁਭਅਰੰਭ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਡਾ. ਨਿੱਝਰ ਨੇ ਕਿਹਾ ਕਿ ਖੇਡਾਂ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਹਨ | ਉਨ੍ਹਾਂ ਨੇ ਦੱਸਿਆ ਕਿ ਇਲਾਕੇ ਵਾਸੀਆਂ ਦੀ ਮੰਗ 'ਤੇ ਇਸ ਸਟੇਡੀਅਮ ਦਾ ਨਾਮ ਬਾਬਾ ਜੀਵਨ ਸਿੰਘ ਜੀ ਕ੍ਰਿਕਟ ਸਟੇਡੀਅਮ ਰੱਖਣ ਦਾ ਫੈਸਲਾ ਕੀਤਾ ਗਿਆ ਹੈ, ਤਾਂ ਜੋ ਨੌਜਵਾਨ ਆਪਣੀ ਧਾਰਮਿਕ ਅਤੇ ਇਤਿਹਾਸਕ ਵਿਰਾਸਤ ਨਾਲ ਵੀ ਜੁੜੇ ਰਹਿਣ | ਡਾ. ਨਿੱਝਰ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਇਲਾਕੇ ਵਿਚ ਖੇਡਾਂ ਦਾ ਮਾਹੌਲ ਤਿਆਰ ਹੋਵੇਗਾ ਅਤੇ ਨੌਜਵਾਨ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿ ਕੇ ਆਪਣੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿਚ ਲਗਾ ਸਕਣਗੇ | ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵਲੋਂ ਖੇਡਾਂ ਦੀ ਪ੍ਰੋਤਸਾਹਨਾ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਹਰ ਵਾਰਡ ਵਿਚ ਖੇਡਾਂ ਲਈ ਉਚਿਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ | ਇਸ ਮੌਕੇ ਕੌਂਸਲਰ ਅਸ਼ੋਕ ਕੁਮਾਰ, ਨਵਨੀਤ ਸ਼ਰਮਾ (ਪੀ.ਏ.), ਗੁਰਪ੍ਰੀਤ ਸਿੰਘ ਚਾਹਤ (ਹਲਕਾ ਮੀਡੀਆ ਇੰਚਾਰਜ), ਮਨਜੀਤ ਕੌਰ (ਦਫ਼ਤਰ ਸਕੱਤਰ) ਅਤੇ ਹੋਰ ਦਰਜਾ-ਬ-ਦਰਜਾ ਅਹੁਦੇਦਾਰ ਹਾਜ਼ਰ ਸਨ | ਇਲਾਕਾ ਵਾਸੀਆਂ ਨੇ ਇਸ ਉਪਰਾਲੇ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਆਸ ਜਤਾਈ ਕਿ ਸਟੇਡੀਅਮ ਜਲਦ ਤੋਂ ਜਲਦ ਤਿਆਰ ਹੋ ਕੇ ਨੌਜਵਾਨਾਂ ਲਈ ਸਮਰਪਿਤ ਕੀਤਾ ਜਾਵੇ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਰਿੰਕੂ, ਗੁਰਜੰਟ ਸਿੰਘ ਚਿੰਟੂ, ਗੁਰਜੰਟ ਸਿੰਘ ਸ਼ਾਹ, ਮਨਜੀਤ ਸਿੰਘ ਫੌਜੀ, ਜਸਵੰਤ ਸਿੰਘ ਪੱਖੋਕੇ, ਗੁਰਵੇਲ ਸਿੰਘ ਆਦਿ ਹਾਜ਼ਰ ਸਨ |
ਵਿਧਾਇਕ ਡਾ. ਨਿੱਝਰ ਨੇ ਕ੍ਰਿਕਟ ਸਟੇਡੀਅਮ ਦੇ ਨਿਰਮਾਣ ਕਾਰਜ ਦਾ ਕੀਤਾ ਉਦਘਾਟਨ
ਅਜੀਤ ਡੈਸਕ
20-02-2026