ਅੰਮਿ੍ਤਸਰ, 19 ਫਰਵਰੀ (ਜਸਵੰਤ ਸਿੰਘ ਜੱਸ)-ਦਲ ਖ਼ਾਲਸਾ ਵਲੋਂ ਖ਼ਾਲਸਾ ਰਾਜ ਦੀ ਵਿਚਾਰਧਾਰਾ ਅਤੇ ਸੰਕਲਪ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਉਲੀਕੇ ਲੜੀਵਾਰ ਪੰਥਕ ਸਭਾ ਪ੍ਰੋਗਰਾਮਾਂ ਦੀ ਸ਼ੁਰੂਆਤ 21 ਫ਼ਰਵਰੀ ਨੂੰ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਵੇਗੀ | ਦਲ ਖ਼ਾਲਸਾ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਨੇ ਦੱਸਿਆ ਕਿ ਇਸ ਪੰਥਕ ਸਭਾ ਸ੍ਰੀ ਨਨਕਾਣਾ ਸਾਹਿਬ ਦੇ ਮਹਾਨ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਹੋਵੇਗੀ ਜਿਸ ਵਿਚ ਦਲ ਖਾਲਸਾ ਲੀਡਰਸ਼ਿਪ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੇ ਸਾਥੀ ਵੀ ਸ਼ਾਮਿਲ ਹੋਣਗੇ | ਕੰਵਰਪਾਲ ਸਿੰਘ ਨੇ ਦੱਸਿਆ ਕਿ ਭਾਰਤੀ ਖ਼ੁਫੀਆ ਏਜੰਸੀ ਦੇ ਏਜੰਟ ਨਿਖਿਲ ਗੁਪਤਾ ਦੇ ਅਮਰੀਕੀ ਅਦਾਲਤ ਅੰਦਰ ਗੁਨਾਹ ਕਬੂਲਣ ਨਾਲ, ਸਿੱਖਾਂ ਨੂੰ ਗ਼ੈਰ-ਨਿਆਂਇਕ ਤੌਰ 'ਤੇ ਮਾਰਨ ਦੀ ਭਾਰਤ ਸਰਕਾਰ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋਣ ਤੋਂ ਬਾਅਦ ਜੋ ਅੰਤਰਰਾਸ਼ਟਰੀ ਅਤੇ ਪੰਜਾਬ ਅੰਦਰ ਨਾਜ਼ੁਕ ਤੇ ਵਿਸਫੋਟਕ ਹਾਲਾਤ ਬਣੇ ਹਨ ਉਸ ਸੰਬੰਧੀ ਵੀ ਬੁਲਾਰੇ ਸਮਾਗਮ ਵਿਚ ਆਪਣਾ ਨਜ਼ਰੀਆ ਰੱਖਣਗੇ |