ਮੱਲਾਂਵਾਲਾ, 29 ਜਨਵਰੀ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਸੰਘਰਸ਼ ਦੀ ਰੂਪ-ਰੇਖਾ ਉਲੀਕਣ ਲਈ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਜ਼ੋਨ ਮੱਲਾਂਵਾਲਾ ਦੇ ਵੱਖ-ਵੱਖ ਪਿੰਡ ਫੱਤੇ ਵਾਲਾ, ਮੱਲਾਂਵਾਲਾ, ਬਸਤੀ ਮੁਦਾ, ਸਨਵਾ ਆਸਫਵਾਲਾ, ਸੁਧਾਰਾਂ ਤੇ ਮੱਲਾਂਵਾਲਾ ਦੇ ਵਾਰਡ ਨੰਬਰ 3 ਵਿਖੇ ਜ਼ੋਨ ਆਗੂ ਮੱਸਾ ਸਿੰਘ ਆਸਫ ਵਾਲਾ ਦੀ ਅਗਵਾਈ ਵਿਚ ਮੀਟਿੰਗਾਂ ਕੀਤੀਆਂ ਗਈਆਂ | ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਖਚਰਵਾਲਾ, ਡਾ. ਗੁਰਮੇਲ ਸਿੰਘ ਫੱਤੇਵਾਲਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਆਪਣੀਆਂ ਲੋਕ ਮਾਰੂ ਨੀਤੀਆਂ ਕਿਸਾਨਾਂ-ਮਜ਼ਦੂਰਾਂ ਅਤੇ ਆਮ ਲੋਕਾਂ 'ਤੇ ਥੋਪ ਰਹੀ ਹੈ, ਜੋ ਸਰਕਾਰਾਂ ਸਤਾ ਹਾਸਲ ਕਰਨ ਤੋਂ ਪਹਿਲਾਂ ਲੋਕ ਪੱਖੀ ਨੀਤੀਆਂ ਲਾਗੂ ਕਰਨ ਦੇ ਦਾਅਵੇ ਕਰਦੀਆਂ ਸਨ, ਉਹ ਅੱਜ ਕਾਰਪੋਰੇਟ ਘਰਾਨਿਆਂ ਦੀਆਂ ਕਠਪੁਤਲੀਆਂ ਬਣ ਕੇ ਕੰਮ ਕਰ ਰਹੀਆਂ ਹਨ | ਆਗੂਆਂ ਨੇ ਕਿਹਾ ਕਿ ਸਾਡੀ ਜ਼ੋਰਦਾਰ ਮੰਗ ਹੈ ਕਿ ਬਿਜਲੀ ਸੋਧ ਬਿੱਲ ਜੋ ਕੇਂਦਰ ਸਰਕਾਰ ਲਾਗੂ ਕਰਨਾ ਚਾਹੁੰਦੀ ਹੈ, ਜਿਸ 'ਤੇ ਰਾਜ ਸਰਕਾਰ ਵੀ ਆਪਣਾ ਸਟੈਂਡ ਸਪਸ਼ਟ ਨਹੀਂ ਕਰ ਰਹੀ, ਕਿਉਂਕਿ ਬਿਜਲੀ ਰਾਜਾਂ ਦਾ ਵਿਸ਼ਾ ਹੈ ਇਸ ਕਰਕੇ ਕੇਂਦਰ ਸਰਕਾਰ ਦੀ ਦਖ਼ਲਅੰਦਾਜ਼ੀ ਨੂੰ ਲਾਗੂ ਨਹੀਂ ਹੋਣ ਦਿਆਂਗੇ | ਉਨ੍ਹਾਂ ਕਿਹਾ ਕਿ ਸਮਾਰਟ ਮੀਟਰ ਇਸੇ ਅਦਾਰੇ ਦਾ ਨਿੱਜੀਕਰਨ ਕਰਕੇ ਕਾਰਪੋਰੇਟ ਹੱਥਾਂ ਵਿਚ ਬਿਜਲੀ ਦੇਣ ਕਰਕੇ ਹੀ ਲਾਏ ਜਾ ਰਹੇ ਹਨ, ਜਿਸ ਵਿਚ ਖਪਤਕਾਰਾਂ ਦੀ ਵੱਡੇ ਪੱਧਰ 'ਤੇ ਲੁੱਟ ਕਰਵਾਉਣ ਦੀ ਤਿਆਰੀ ਹੈ, ਜਿਸ ਕਰਕੇ ਬਿਜਲੀ ਸੋਧ ਬਿੱਲ ਰੱਦ ਕੀਤਾ ਜਾਵੇ, ਹੜ੍ਹ ਪੀੜਤਾਂ ਨੂੰ ਫ਼ਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ, 23 ਫ਼ਸਲਾਂ 'ਤੇ ਐਮ.ਐੱਸ.ਪੀ ਗਾਰੰਟੀ ਕਾਨੂੰਨ ਬਣਾਇਆ ਜਾਵੇ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖ਼ਤਮ ਕੀਤਾ ਜਾਵੇ, ਮਨਰੇਗਾ ਸਕੀਮ ਪਹਿਲਾਂ ਵਾਲੀ ਬਹਾਲ ਕੀਤੀ ਜਾਵੇ, ਮਜ਼ਦੂਰਾਂ ਨੂੰ 200 ਦਿਨ ਕੰਮ ਅਤੇ 700 ਰੁਪਿਆ ਦਿਹਾੜੀ ਦਿੱਤੀ ਜਾਵੇ, ਸ਼ੰਭੂ ਖਨੌਰੀ ਮੋਰਚਿਆਂ 'ਤੇ ਕੀਤੀ ਭੰਨ-ਤੋੜ ਦੀ ਭਗਵੰਤ ਮਾਨ ਸਰਕਾਰ ਭਰਪਾਈ ਕਰੇ | ਕਿਸਾਨ-ਮਜ਼ਦੂਰ ਆਗੂਆਂ ਨੇ ਐਲਾਨ ਕੀਤਾ ਕਿ 5 ਫਰਵਰੀ ਨੂੰ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨਾਂ 'ਚ ਜਥੇਬੰਦੀ ਵਲੋਂ ਵੱਡਾ ਇਕੱਠ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ |