ਪਠਾਨਕੋਟ, 14 ਅਪ੍ਰੈਲ (ਸੰਧੂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਪ੍ਰੀਤ ਨਗਰ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਜੀਤ ਸਿੰਘ ਦੀ ਦੇਖਰੇਖ ਹੇਠ ਸੰਗਤਾਂ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਸਭ ਤੋਂ ਪਹਿਲਾਂ ਸਵਰਗਵਾਸੀ ਜਥੇਦਾਰ ਜਸਬੀਰ ਸਿੰਘ ਸੰਧੂ ਦੇ ਪਰਿਵਾਰ ਵਲੋਂ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ਵਿਕਰਮਜੀਤ ਸਿੰਘ ਦੇ ਰਾਗੀ ਜਥੇ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਜੀਤ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਦੀ ਵਿਆਖਿਆ ਕਰਕੇ ਗੁਰੂ ਚਰਨਾਂ ਨਾਲ ਜੋੜਿਆ ਉਪਰੰਤ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਣ ਦੀ ਰਸਮ ਅਦਾ ਕੀਤੀ ਗਈ | ਅੰਤ ਵਿਚ ਪਕੌੜੇ ਅਤੇ ਜਲੇਬੀਆਂ ਦੇ ਲੰਗਰ ਅਟੁੱਟ ਵਰਤਾਏ ਗਏ | ਇਸ ਮੌਕੇ ਹਰਭਜਨ ਸਿੰਘ, ਗੁਰਪ੍ਰੀਤ ਸਿੰਘ ਸਵੀਟੀ, ਹਿੰਮਤ ਸਿੰਘ, ਹਰਸਿਮਰਨਜੀਤ ਸਿੰਘ, ਆਜ਼ਾਦਵਿੰਦਰ ਸਿੰਘ, ਨਿਰਮਲਜੀਤ ਕੌਰ ਖ਼ਾਲਸਾ, ਤਜਿੰਦਰ ਕੌਰ, ਕਮਲਜੀਤ ਕੌਰ ਅਤੇ ਸੁਰਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |