ਪਠਾਨਕੋਟ, 14 ਅਪ੍ਰੈਲ (ਸੰਧੂ)-ਡੇਰਾ ਬਾਬਾ ਬੂਟੀ ਸ਼ਾਹ ਮੁਹੱਲਾ ਪਿੱਪਲਾਂ ਵਾਲਾ ਭਦਰੋਆ ਵਿਖੇ 'ਇਕ ਸ਼ਾਮ ਸ਼ਹੀਦਾਂ ਦੇ ਨਾਮ' ਸਮਾਗਮ ਬਾਬਾ ਬੂਟੀ ਸ਼ਾਹ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਵਿਚ 'ਆਪ' ਦੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਦੌਰਾਨ ਸ਼ਹੀਦ ਕੈਪਟਨ ਅਰੁਣ ਜਸਰੋਟੀਆ (ਅਸ਼ੋਕ ਚੱਕਰ) ਦੇ ਭਰਾ ਰਾਕੇਸ਼ ਜਸਰੋਟੀਆ, ਸ਼ਹੀਦ ਨਾਇਕ ਅਜੈ ਸਲਾਰੀਆ ਦੇ ਪਿਤਾ ਕੈਪਟਨ ਰਛਪਾਲ ਸਿੰਘ ਤੇ ਮਾਤਾ ਕਿਰਨ ਸਲਾਰੀਆ, ਸ਼ਹੀਦ ਸਿਪਾਹੀ ਮੱਖਣ ਸਿੰਘ ਦੇ ਪਿਤਾ ਹੰਸ ਰਾਜ, ਸ਼ਹੀਦ ਹਵਲਦਾਰ ਮਦਨ ਲਾਲ ਸ਼ਰਮਾ ਦੀ ਭੈਣ ਰਮਾ ਸ਼ਰਮਾ, ਸ਼ਹੀਦ ਸਿਪਾਹੀ ਮੋਹਨ ਸਿੰਘ ਚਿੱਬ ਦੇ ਭਰਾ ਠਾਕੁਰ ਜੀਵਨ ਸਿੰਘ ਚਿੱਬ, ਸ਼ਹੀਦ ਹਵਲਦਾਰ ਅਮਿਤ ਸ਼ਰਮਾ ਦੇ ਮਾਤਾ-ਪਿਤਾ ਕੁਸ਼ੱਲਿਆ ਦੇਵੀ ਤੇ ਪੂਰਨ ਚੰਦ ਸਮੇਤ ਹੋਰ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ | ਮੁੱਖ ਮਹਿਮਾਨ ਵਿਭੂਤੀ ਸ਼ਰਮਾ ਨੇ ਕਿਹਾ ਕਿ ਸਰਹੱਦ 'ਤੇ ਜਵਾਨ ਡਟ ਕੇ ਖੜ੍ਹਾ ਰਹਿੰਦਾ ਹੈ, ਤਾਂ ਹੀ ਦੇਸ਼ ਵਾਸੀ ਚੈਨ ਦੀ ਨੀਂਦ ਸੌਂਦੇ ਹਨ | ਉਨ੍ਹਾਂ ਕਿਹਾ ਕਿ ਸ਼ਹੀਦ ਸੈਨਿਕ ਦੇਸ਼ ਦੀ ਸ਼ਾਨ ਹਨ ਤੇ ਉਨ੍ਹਾਂ ਦੇ ਪਰਿਵਾਰ ਸਾਰੇ ਰਾਸ਼ਟਰ ਦਾ ਪਰਿਵਾਰ ਹਨ | ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਦੇ ਸਨਮਾਨ ਲਈ ਵਚਨਬੱਧ ਹੈ | ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਰਨਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿਕੀ ਨੇ ਕਿਹਾ ਕਿ ਸ਼ਹੀਦਾਂ ਨੂੰ ਸਿਰਫ਼ ਇਕ ਦਿਨ ਨਹੀਂ, ਸਗੋਂ ਹਰ ਸਾਹ ਨਾਲ ਯਾਦ ਕਰਨਾ ਚਾਹੀਦਾ ਹੈ ਅਤੇ ਸਮਾਜ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਖੜ੍ਹਾ ਰਹਿਣਾ ਚਾਹੀਦਾ ਹੈ | ਆਯੋਜਕ ਬਾਬਾ ਬੂਟੀ ਸ਼ਾਹ ਨੇ ਕਿਹਾ ਕਿ ਉਹ ਹਰ ਸਾਲ ਇਸ ਸਮਾਗਮ ਰਾਹੀਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਦੇ ਰਹਿਣਗੇ | ਇਸ ਮੌਕੇ 10 ਸ਼ਹੀਦ ਪਰਿਵਾਰਾਂ ਨੂੰ ਯਾਦਗਾਰੀ ਚਿੰਨ੍ਹ ਤੇ ਉਪਹਾਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ, ਜਦ ਕਿ ਸਕੂਲੀ ਵਿਦਿਆਰਥੀਆਂ ਵਲੋਂ ਦੇਸ਼-ਭਗਤੀ ਭਰੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਮਾਹੌਲ ਭਾਵੁਕ ਕਰ ਦਿੱਤਾ ਗਿਆ | ਇਸ ਮੌਕੇ ਕੁੰਵਰ ਰਵਿੰਦਰ ਸਿੰਘ ਵਿੱਕੀ, ਡਾ: ਰਾਜਿੰਦਰ ਸ਼ਰਮਾ, ਯੋਗੇਸ਼ ਸ਼ਰਮਾ, ਦੀਪਕ ਸ਼ਰਮਾ, ਦੀਪਕ ਵਡੈਹਰਾ, ਗੋਬਿੰਦ, ਵਿਨੈ ਸੰਗਰਾਲ, ਵਿਕਲਪ ਗੁਪਤਾ, ਮੁਨੀਸ਼ ਕੁਮਾਰ, ਪ੍ਰਵੀਨ ਮਹਾਜਨ, ਅਨਿਲ ਸ਼ਰਮਾ, ਮਨੁ, ਪਾਰਸ, ਸੰਨੀ ਤੇ ਲਖਬੀਰ ਸਿੰਘ ਆਦਿ ਹਾਜ਼ਰ ਸਨ |