ਘੁਮਾਣ, 1 ਅਪ੍ਰੈਲ (ਬੰਮਰਾਹ)- ਘੁਮਾਣ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ | ਇਸ ਸਬੰਧੀ ਥਾਣਾ ਘੁਮਾਣ ਦੇ ਮੁਖੀ ਹਰਜਿੰਦਰ ਸਿੰਘ ਦਿਓਲ ਨੇ ਦੱਸਿਆ ਕਿ ਪਿੰਡ ਚੌੜੇ ਮਧਰੇ ਤੋਂ ਊਧਨਵਾਲ ਨੂੰ ਜਾਂਦੇ ਮੋਟਰਸਾਈਕਲ ਸਵਾਰ ਜੋੜੇ ਪਾਸੋਂ ਖੋਹ ਕਰਨ ਵਾਲੇ ਵਿਅਕਤੀਆਂ ਖਿਲਾਫ਼ ਪਰਮਜੀਤ ਕੌਰ ਪਤਨੀ ਸੁੱਚਾ ਸਿੰਘ ਵਾਸੀ ਲੱਧਾ ਮੁੰਡਾ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕੀਤਾ ਸੀ ਜਿਨਾਂ ਨੂੰ ਪੁਲਿਸ ਵਲੋਂ ਕਾਬੂ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਪਹਿਚਾਣ ਗੁਰਵਿੰਦਰ ਸਿੰਘ ਉਰਫ ਵਿਜੇ ਪੁੱਤਰ ਨਿਰਮਲ ਸਿੰਘ ਵਾਸੀ ਪੱਤੀ ਨਰੰਗਪੁਰ ਬੁਤਾਲਾ ਥਾਣਾ ਬਿਆਸ ਤੇ ਅਜੇਦੀਪ ਸਿੰਘ ਉਰਫ ਡੱਡਾ ਪੁੱਤਰ ਜਸਬੀਰ ਸਿੰਘ ਵਾਸੀ ਪੱਤੀ ਨਰੰਗਪੁਰ ਬੁਤਾਲਾ ਥਾਣਾ ਬਿਆਸ ਵਜੋਂ ਹੋਈ ਜਦਕਿ ਇਸ ਮਾਮਲੇ 'ਚ ਦੋ ਹੋਰ ਦੋਸ਼ੀ ਫਰਾਰ ਹੋਏ ਸਨ ਜਿਨਾਂ ਵਿਚੋਂ ਜੁਵੇਨਾਇਲ ਜਗਪ੍ਰੀਤ ਸਿੰਘ ਨੂੰ ਵੀ ਕਾਬੂ ਕਰ ਲਿਆ ਹੈ ਤੇ ਮਨਦੀਪ ਸਿੰਘ ਫਰਾਰ ਹੈ, ਉਸ ਨੂੰ ਵੀ ਜਲਦ ਗਿ੍ਫਤਾਰ ਕੀਤਾ ਜਾਵੇਗਾ | ਇਸੇ ਤਰ੍ਹਾਂ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰਦਿਆਂ ਥਾਣਾ ਘੁਮਾਣ ਦੀ ਟੀਮ ਵਲੋਂ ਐਸ.ਆਈ. ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਘੁਮਾਣ ਦੀ ਰਹਿਨੁਮਾਈ ਹੇਠ ਇਕ ਵਿਅਕਤੀ ਕੁਲਵੰਤ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਵੀਲਾ ਬੱਜੂ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ | ਇਸ ਵਿਅਕਤੀ ਨੂੰ ਕਾਬੂ ਕਰ ਕੇ ਜੁਡੀਸ਼ੀਅਲ ਹਿਰਾਸਤ ਵਿਚ ਭੇਜਿਆ ਗਿਆ ਹੈ |