ਰਾਜਾਸਾਂਸੀ (ਅੰਮ੍ਰਿਤਸਰ), 21 ਨਵੰਬਰ (ਹਰਦੀਪ ਸਿੰਘ ਖੀਵਾ)- ਆਪਣੀ ਦਾਦੀ ਚਰਨ ਕੌਰ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਲਈ ਤਿੰਨ ਘੰਟਿਆਂ ਦੀ ਕਸਟਡੀ ਪੈਰੋਲ ’ਤੇ ਪੰਜਾਬ ਪਹੁੰਚੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅੱਜ ਵਾਪਸੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਜੱਦੀ ਪਿੰਡ ਜੱਲੂਪੁਰ ਖੇੜਾ ਵਿਖੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਮਗਰੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਉਸ ਨੂੰ ਮੁੜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਰਾਜਾਸਾਂਸੀ ਲਿਆਂਦਾ ਗਿਆ, ਜਿੱਥੋਂ ਤੈਅ ਪ੍ਰੋਗਰਾਮ ਅਨੁਸਾਰ ਉਹ ਦਿੱਲੀ ਲਈ ਉਡਾਣ ਰਾਹੀਂ ਰਵਾਨਾ ਹੋਵੇਗਾ।
ਅਦਾਲਤ ਵਲੋਂ ਅੰਮ੍ਰਿਤਪਾਲ ਸਿੰਘ ਨੂੰ 21 ਨਵੰਬਰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਤਿੰਨ ਘੰਟਿਆਂ ਦੀ ਕਸਟਡੀ ਪੈਰੋਲ ਦਿੱਤੀ ਗਈ ਸੀ। ਇਸ ਮਿਆਦ ਦੌਰਾਨ ਉਸ ਨੇ ਆਪਣੀ ਦਾਦੀ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣਾ ਸੀ। ਪੈਰੋਲ ਦੀ ਮਿਆਦ ਖ਼ਤਮ ਹੋਣ ਮਗਰੋਂ ਪੰਜਾਬ ਪੁਲਿਸ ਵਲੋਂ ਉਸ ਨੂੰ ਮੁੜ ਆਪਣੀ ਹਿਰਾਸਤ ਵਿਚ ਲੈ ਕੇ ਵਾਪਸੀ ਦੀ ਯਾਤਰਾ ਲਈ ਅੰਮ੍ਰਿਤਸਰ ਹਵਾਈ ਅੱਡੇ ਪਹੁੰਚਾਇਆ ਗਿਆ। ਤੈਅ ਯਾਤਰਾ ਸ਼ਡਿਊਲ ਅਨੁਸਾਰ ਅੰਮ੍ਰਿਤਸਰ ਤੋਂ ਦਿੱਲੀ ਲਈ ਉਡਾਣ ਸ਼ਾਮ 6:35 ਵਜੇ ਰਵਾਨਾ ਹੋਣੀ ਹੈ, ਜੋ ਰਾਤ ਕਰੀਬ 7:50 ਵਜੇ ਦਿੱਲੀ ਪਹੁੰਚੇਗੀ।
ਦਿੱਲੀ ਵਿਖੇ ਰਾਤ ਠਹਿਰਾਉ ਤੋਂ ਬਾਅਦ 22 ਨਵੰਬਰ ਨੂੰ ਸਵੇਰੇ 6:30 ਵਜੇ ਡਿਬਰੂਗੜ੍ਹ ਲਈ ਉਡਾਣ ਰਾਹੀਂ ਰਵਾਨਗੀ ਅਤੇ ਸਵੇਰੇ ਕਰੀਬ 9 ਵਜੇ ਡਿਬਰੂਗੜ੍ਹ ਪਹੁੰਚਣ ਦਾ ਪ੍ਰੋਗਰਾਮ ਤੈਅ ਹੈ। ਅੰਮ੍ਰਿਤਪਾਲ ਸਿੰਘ ਦੀ ਪੂਰੀ ਵਾਪਸੀ ਯਾਤਰਾ ਦੌਰਾਨ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਅਤੇ ਸਬੰਧਤ ਸੁਰੱਖਿਆ ਏਜੰਸੀਆਂ ਵਲੋਂ ਨਿਭਾਈ ਜਾ ਰਹੀ ਹੈ। ਅਦਾਲਤੀ ਹੁਕਮਾਂ ਅਨੁਸਾਰ ਉਸ ਨੂੰ ਕਸਟਡੀ ਵਿਚ ਹੀ ਵਾਪਸ ਡਿਬਰੂਗੜ੍ਹ ਕੇਂਦਰੀ ਜੇਲ੍ਹ ਪਹੁੰਚਾਇਆ ਜਾਣਾ ਹੈ। ਉਸ ਦੀ ਪੰਜਾਬ ਆਮਦ ਅਤੇ ਵਾਪਸੀ ਨੂੰ ਲੈ ਕੇ ਹਵਾਈ ਅੱਡੇ ਤੋਂ ਲੈ ਕੇ ਜੱਦੀ ਪਿੰਡ ਤੱਕ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।