ਭੈਣੀ ਮੀਆਂ ਖਾਂ, 1 ਅਪ੍ਰੈਲ (ਜਸਬੀਰ ਸਿੰਘ ਬਾਜਵਾ)-ਬਲਾਕ ਕਾਹਨੂੰਵਾਨ ਦੇ ਬੇਟ ਇਲਾਕੇ ਵਿਚੋਂ ਗੁਜਰਦੀ ਸੇਮ ਨਹਿਰ ਤੇ ਸਹਾਇਕ ਨਾਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਸੈਂਕੜੇ ਏਕੜ ਫ਼ਸਲਾਂ ਤਬਾਹ ਹੋ ਜਾਂਦੀ ਹੈ | ਇਸ ਸਬੰਧੀ ਪੀੜਤ ਕਿਸਾਨ ਨੰਬਰਦਾਰ ਸੁਰੇਸ਼ ਸਿੰਘ, ਸੂਬੇਦਾਰ ਜਸਵੰਤ ਸਿੰਘ, ਹਰੀ ਸਿੰਘ, ਜਗਤਾਰ ਸਿੰਘ ਪਿੰਡ ਨਾਨੋਵਾਲ ਜੀਂਦੜ, ਸੁਰਜੀਤ ਸਿੰਘ, ਸੂਬੇਦਾਰ ਹਰਭਜਨ ਸਿੰਘ ਫੇਰੋਚੇਚੀ ਨੇ ਦੱਸਿਆ ਕਿ ਉਨ੍ਹਾਂ ਦੇ ਰਕਬੇ ਨੇੜਿਉਂ ਕਾਹਨੂੰਵਾਨ ਸਵੈਮਪ ਸੇਮ ਨਹਿਰ ਗੁਜ਼ਰਦੀ ਹੈ | ਇਸ ਸੇਮ ਨਹਿਰ ਦੀ ਪਿਛਲੇ ਕਈ ਸਾਲਾਂ ਤੋਂ ਸਫ਼ਾਈ ਨਾ ਹੋਣ ਕਾਰਨ ਅਤੇ ਇਸ ਸੇਮ ਨਹਿਰ ਦੇ ਦੁਆਰੇ ਪੈਂਦੇ ਰਕਬੇ ਵਿਚ ਨਾਜਾਇਜ਼ ਲਗਾਏ ਦਰਖਤਾਂ ਤੇ ਗੰਨੇ ਦੀ ਫ਼ਸਲ ਕਾਰਨ ਪਾਣੀ ਦਾ ਨਿਕਾਸ ਸਹੀ ਢੰਗ ਨਾਲ ਨਹੀਂ ਹੋ ਰਿਹਾ ਜਿਸ ਕਾਰਨ ਇਸ ਬੇਟ ਛੰਭ ਇਲਾਕੇ ਵਿਚ ਸੇਮ ਦੀ ਸਮੱਸਿਆ ਬਹੁਤ ਵਧ ਗਈ ਹੈ | ਵਾਹੀਯੋਗ ਰਕਬੇ ਵਿਚ ਸਾਰਾ ਸਾਲ ਸੇਮ ਰਹਿਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਘਾਟਾ ਸਹਿਣਾ ਪੈ ਰਿਹਾ ਹੈ | ਬਰਸਾਤ ਦੇ ਮੌਸਮ ਦੌਰਾਨ ਖ਼ਾਸ ਕਰਕੇ ਕਾਹਨੂੰਵਾਨ, ਸਿੰਬਲੀ, ਸੱਲੋਪੁਰ, ਕੋਟਲੀ ਹਰਚੰਦਾਂ, ਮੇਹੜੇ, ਜਾਗੋਵਾਲ ਬਾਂਗਰ, ਨਾਨੋਵਾਲ ਖੁਰਦ, ਨਾਨੋਵਾਲ ਕਲਾਂ, ਨਾਨੋਵਾਲ ਜੀਂਦੜ, ਫੇਰੋਚੇਚੀ, ਰਾਜਪੁਰਾ, ਭੈਣੀ ਖਾਦਰ, ਕੋਟ ਖਾਂ ਮੁਹੰਮਦ, ਚੋਚਨਾ, ਧੱਕੜ, ਫੱਤੂ ਬਰਕਤ, ਨੂੰ ਨ, ਫੁਲੜਾ, ਮੁੰਨਣ ਤੇ ਔਲਖ ਬੇਟ ਪਿੰਡਾਂ ਦਾ ਰਕਬਾ ਬਹੁਤ ਪ੍ਰਭਾਵਿਤ ਹੁੰਦਾ ਹੈ | ਕਿਸਾਨਾਂ ਨੇ ਦੱਸਿਆ ਕਿ ਇਸ ਨਹਿਰ ਦੇ ਪਾਣੀ ਲਈ ਦੋਵਾਂ ਪਾਸੇ ਲਗਪਗ 400 ਫੁੱਟ ਰਕਬਾ ਛੱਡਿਆ ਹੋਇਆ ਹੈ ਪਰ ਇਸ ਰਕਬੇ ਉੱਤੇ ਕੁਝ ਲੋਕਾਂ ਵਲੋਂ ਨਾਜਾਇਜ਼ ਕਬਜ਼ੇ ਕਰ ਕੇ ਇਸ ਵਿਚ ਪਾਪੂਲਰ ਦਾ ਦਰਖਤ ਤੇ ਗੰਨੇ ਦੀ ਫ਼ਸਲ ਲਗਾਈ ਹੋਈ ਹੈ ਜਿਸ ਕਾਰਨ ਖਾਸ ਕਰ ਕੇ ਬਰਸਾਤ ਦੌਰਾਨ ਪਾਣੀ ਦਾ ਨਿਕਾਸ ਸਮੇਂ ਸਿਰ ਨਹੀਂ ਹੁੰਦਾ ਤੇ ਸੈਂਕੜੇ ਏਕੜ ਫ਼ਸਲਾਂ ਤਬਾਹ ਹੋ ਜਾਂਦੀਆਂ ਹਨ | ਇਸ ਨਹਿਰ ਦੀਆਂ ਦਰਜਨਾਂ ਸਹਾਇਕ ਨਾਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਇਹ ਸਥਿਤੀ ਹੋਰ ਵੀ ਬਦਤਰ ਹੋ ਜਾਂਦੀ ਹੈ | ਪੀੜਤ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵਲੋਂ ਇਸ ਸਬੰਧੀ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਵੀ ਕਈ ਵਾਰ ਲਿਖਤੀ ਸ਼ਿਕਾਇਤ ਕੀਤੀ ਹੈ ਪਰ ਪਿਛਲੀ ਕਾਂਗਰਸ ਸਰਕਾਰ ਅਤੇ ਹੁਣ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵਲੋਂ ਵੀ ਇਸ ਸਥਿਤੀ ਨੂੰ ਸੁਧਾਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਉਨ੍ਹਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਬੇਟ ਇਲਾਕੇ 'ਚ ਪੈਂਦੀ ਸੇਮ ਨਹਿਰ ਤੇ ਸਾਰੀਆਂ ਹੀ ਸੇਮ ਨਾਲੀਆਂ ਦੀ ਸਫ਼ਾਈ ਕਰਵਾ ਕੇ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇ |