ਬਟਾਲਾ, 1 ਅਪ੍ਰੈਲ (ਸਤਿੰਦਰ ਸਿੰਘ)- ਸ਼ਿਵ ਬਟਾਲਵੀ ਆਰਟ ਐਂਡ ਕਲਚਰ ਸੁਸਾਇਟੀ ਬਟਾਲਾ ਵਲੋਂ ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਬਟਾਲਾ ਦੇ ਸਹਿਯੋਗ ਨਾਲ ਸੁਸਾਇਟੀ ਦੇ ਚੇਅਰਮੈਨ ਵਿਜੇ ਕੁਮਾਰ ਸੋਨੀ ਦੀ ਅਗਵਾਈ ਵਿਚ 3 ਅਪ੍ਰੈਲ ਤੋਂ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਬਟਾਲਾ ਵਿਖੇ ਰਵਾਇਤੀ ਭੰਗੜਾ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦਾ ਉਦਘਾਟਨ ਉੱਘੇ ਸਿੱਖਿਆ ਸ਼ਾਸਤਰੀ ਤੇ ਸਮਾਜ ਸੇਵਕ ਬਿਕਰਮਜੀਤ ਸਿੰਘ ਬਾਠ ਐਮ.ਡੀ. ਵਿਨਫੋਰਡ ਸਕੂਲ ਤੇ ਬਟਾਲਾ ਐਜੂਕੇਸ਼ਨ ਕਾਲਜ ਬੁੱਲੋਵਾਲ ਕਰਨਗੇ | ਕੈਂਪ ਵਿਚ ਸਕੂਲਾਂ ਦੇ ਬੱਚੇ, ਕਾਲਜਾਂ ਦੇ ਵਿਦਿਆਰਥੀ ਤੇ ਸੀਨੀਅਰ ਸਿਟੀਜ਼ਨ ਤਨ ਤੇ ਮਨ ਦੀ ਤੰਦਰੁਸਤੀ ਲਈ ਹਿੱਸਾ ਲੈ ਸਕਦੇ ਹਨ | ਇਸ ਸੰਬੰਧੀ ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸਨ ਕੌਂਸਲ ਦੇ ਪ੍ਰਧਾਨ ਤੇ ਰਵਾਇਤੀ ਭੰਗੜਾ ਕੋਚ ਪ੍ਰੋ. ਬਲਬੀਰ ਸਿੰਘ ਕੌਲਾ ਨੇ ਦੱਸਿਆ ਕਿ ਸਕੂਲਾਂ ਵਿਚ ਬੱਚਿਆਂ ਦੇ ਪੇਪਰ ਹੋ ਚੁੱਕੇ ਹਨ ਤੇ ਨਵਾਂ ਵਿੱਦਿਅਕ ਸ਼ੈਸਨ ਸ਼ਰੂ ਹੋਣ ਜਾ ਰਿਹਾ ਹੈ | ਇਸ ਵਿਹਲੇ ਸਮੇਂ ਵਿਚ ਸ਼ਿਵ ਬਟਾਲਵੀ ਆਰਟ ਐਂਡ ਕਲਚਰ ਸੁਸਾਇਟੀ ਬਟਾਲਾ ਵਲੋਂ ਬੱਚਿਆਂ ਨੂੰ ਪੰਜਾਬ ਦੇ ਅਮੀਰ ਵਿਰਸੇ ਤੇ ਭਾਈਚਾਰਕ ਸਾਂਝ ਨਾਲ ਜੋੜਨ ਲਈ 3 ਅਪ੍ਰੈਲ ਤੋਂ ਸ਼ਾਮ 4 ਵਜੇ ਤੋਂ 5 ਵਜੇ ਤੱਕ ਰੋਜਾਨਾ ਸ਼ਿਵ ਕੁਮਾਰ ਆਡੀਟੋਰੀਅਮ ਬਟਾਲਾ ਵਿਖੇ ਰਵਾਇਤੀ ਭੰਗੜੇ ਦਾ ਸਿਖਾਇਆ ਜਾ ਰਿਹਾ ਹੈ | ਭੰਗੜ੍ਹਾ ਕੈਂਪ ਦੀ ਦੇਖ-ਰੇਖ ਪ੍ਰੋ. ਦਲਜੀਤ ਸਿੰਘ ਧਾਰੋਵਾਲੀ, ਤਰਲੋਕ ਸਿੰਘ ਨਾਥਪੁਰ ਤੇ ਸ਼ੇਰ-ਏ-ਪੰਜਾਬ ਕਲਚਰ ਪ੍ਰੋਮਸ਼ਨ ਕੌਸਲ ਦੇ ਹੋਰ ਸਾਥੀ ਮਿਲ ਕੇ ਕਰਨਗੇ ਤੇ ਭੰਗੜੇ ਦੇ ਗੁਰ ਸਿਖਾਉਣਗੇ | ਉਨ੍ਹਾਂ ਨੇ ਬਟਾਲਾ ਦੇ ਸਕੂਲਾਂ ਤੇ ਕਾਲਜਾਂ ਦੇ ਚਾਹਵਾਨ ਵਿਦਿਆਰਥੀ, ਅਧਿਆਪਕ, ਭੰਗੜੇ ਨਾਲ ਜੁੜੇ ਹੋਏ ਪੁਰਾਣੇ ਭੰਗੜਾ ਪੇ੍ਰਮੀ ਤੇ ਵੱਖ-ਵੱਖ ਵਿਭਾਗਾਂ ਤੋਂ ਸੇਵਾ-ਮੁਕਤ ਹੋਏ ਸੀਨੀਅਰ ਸਿਟੀਜ਼ਨਾਂ ਨੂੰ ਵਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ |