ਕਿਲ੍ਹਾ ਲਾਲ ਸਿੰਘ, 20 ਜਨਵਰੀ (ਬਲਬੀਰ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਜੋ ਗਾਰੰਟੀਆਂ ਵਾਅਦੇ ਕੀਤੇ ਸਨ, ਉਹ ਸਾਰੇ ਪੂਰੇ ਕੀਤੇ ਗਏ ਹਨ ਤੇ ਹੁਣ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦੀ ਗਾਰੰਟੀ ਵਾਅਦਾ ਵੀ ਜਲਦੀ ਪੂਰਾ ਕੀਤਾ ਜਾਵੇਗਾ | ਆਮ ਆਦਮੀ ਪਾਰਟੀ ਦੀ ਲੋਕ ਪੱਖੀ ਸੋਚ 'ਤੇ ਸਰਕਾਰ ਵਲੋਂ ਪਾਰਦਰਸ਼ੀ ਤਰੀਕੇ ਨਾਲ ਪਿੰਡਾਂ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਖੁਸ਼ ਹੋ ਕੇ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ | ਇਸੇ ਲੜੀ ਤੱਕ ਅੱਜ ਕਾਂਗਰਸ ਨੂੰ ਕਰਾਰਾ ਝਟਕਾ ਲੱਗਾ ਹੈ | ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਸਭ ਤੋਂ ਵੱਡੇ ਪਿੰਡ ਭਾਗੋਵਾਲ ਦੇ ਕਾਂਗਰਸੀ ਪੰਚ ਮੁਲਖਾ ਸਿੰਘ ਤੇ ਸਾਥੀ, ਬਲਾਕ ਪ੍ਰਧਾਨ ਸਰਪੰਚ ਪਲਵਿੰਦਰ ਸਿੰਘ ਦੀ ਪ੍ਰੇਰਨਾ ਸਦਕਾ ਕਾਂਗਰਸ ਪਾਰਟੀ ਛੱਡ ਕੇ 'ਆਪ' ਵਿਚ ਸ਼ਾਮਿਲ ਹੋਏ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਬੀਰ ਸਿੰਘ ਪਨੂੰ ਨੇ ਕੀਤਾ | ਬਲਾਕ ਪ੍ਰਧਾਨ ਸਰਪੰਚ ਪਲਵਿੰਦਰ ਸਿੰਘ ਕਾਹਲੋਂ ਤੇ ਬਲਾਕ ਸੰਮਤੀ ਮੈਂਬਰ ਬਿਕਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਪਿੰਡ ਅੰਦਰ ਵਿਕਾਸ ਕਾਰਜ ਜੰਗੀ ਪੱਧਰ 'ਤੇ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਹੋਰ ਬਹੁਤ ਸਾਰੇ ਅਹੁਦੇਦਾਰ ਉਨ੍ਹਾਂ ਦੇ ਸੰਪਰਕ ਵਿਚ ਹਨ, ਜੋ ਜਲਦੀ ਹੀ ਆਮ ਆਦਮੀ ਪਾਰਟੀ ਦਾ ਪੱਲਾ ਫੜਨਗੇ | ਇਸ ਮੌਕੇ ਬਲਾਕ ਪ੍ਰਧਾਨ ਸਰਪੰਚ ਪਲਵਿੰਦਰ ਸਿੰਘ ਕਾਹਲੋਂ, ਬਲਾਕ ਸੰਮਤੀ ਮੈਂਬਰ ਬਿਕਰਮਜੀਤ ਸਿੰਘ ਸੰਧੂ, ਦਿਲਬਾਗ ਸਿੰਘ ਪੰਚ, ਕਸ਼ਮੀਰ ਸਿੰਘ ਪਨੂੰ, ਸਰਪੰਚ ਗੁਰਪ੍ਰੀਤ ਸਿੰਘ ਕਾਹਲੋਂ, ਨਰਿੰਦਰ ਸਿੰਘ ਮੱਲੀ, ਪਿਆਰਾ ਸਿੰਘ ਮੱਲੀ, ਭਿੰਦਾ ਮੱਲੀ, ਦਿਲਬਾਗ ਸਿੰਘ ਸ਼ਾਹ, ਮੰਗੇਸ਼ ਕੁਮਾਰ, ਭੁਪਿੰਦਰ ਸਿੰਘ ਪੱਪੀ, ਮਾਸਟਰ ਜਸਬੀਰ ਸਿੰਘ, ਗੁਰਦੀਪ ਸਿੰਘ ਪੰਚ ਆਦਿ ਹਾਜ਼ਰ ਸਨ |