ਊਧਨਵਾਲ, 20 ਜਨਵਰੀ (ਪਰਗਟ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਧੀਰਾ ਵਿਚ ਦੂਰ ਤੇ ਬਾਹਰਲੇ ਪਿੰਡਾਂ ਤੋਂ ਪੜ੍ਹਨ ਆਉਣ ਵਾਲੇ ਬੱਚਿਆਂ ਦੀ ਸਹੂਲਤ ਲਈ ਸਕੂਲ ਵਲੋਂ ਵੈਨ ਲਗਵਾਈ ਗਈ ਹੈ | ਇਸ ਸਬੰਧੀ ਸਕੂਲ ਮੁਖੀ ਬਰਿੰਦਰ ਸਿੰਘ ਪੱਡਾ ਨੇ ਦੱਸਿਆ ਕਿ ਅਸੀਂ ਆਪਣੇ ਸਕੂਲ ਵਿਚ ਪੜ੍ਹਦੇ ਬੱਚਿਆਂ ਦੀ ਹਰੇਕ ਸਹੂਲਤ ਤੇ ਸੁਰੱਖਿਆ ਦਾ ਧਿਆਨ ਰੱਖਦਿਆਂ ਸਕੂਲ ਵੈਨ ਲਗਾਈ ਹੈ, ਜੋ ਕਿ ਬੱਚਿਆਂ ਨੂੰ ਸਮੇਂ ਸਿਰ ਸਕੂਲ ਪਹੁੰਚਾਉਣ ਤੇ ਛੁੱਟੀ ਸਮੇਂ ਘਰ ਛੱਡਣ ਦੀ ਜ਼ਿੰਮੇਵਾਰੀ ਨਿਭਾਉਂਦੀ ਹੈ | ਇਸ ਵੈਨ ਦੇ ਲੱਗਣ ਨਾਲ ਨੇੜਲੇ ਪਿੰਡਾਂ ਦੇ ਬੱਚਿਆਂ 'ਚ ਸਾਡੇ ਸਕੂਲ 'ਚ ਪੜ੍ਹਨ ਦੀ ਰੁਚੀ ਵਧ ਗਈ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਧੀਰਾ ਵਿਖੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੜ੍ਹਾਈ ਸੁਚੱਜੇ ਢੰਗ ਨਾਲ ਕਰਵਾਈ ਜਾ ਰਹੀ ਹੈ, ਇਸ ਕਰਕੇ ਬਾਹਰਲੇ ਪਿੰਡਾਂ ਵਿਚੋਂ ਬੱਚੇ ਧੀਰਾ ਸਕੂਲ ਆਉਣ ਕਰਕੇ ਵੈਨ ਦੀ ਸਹੂਲਤ ਬਹੁਤ ਜ਼ਰੂਰੀ ਸੀ, ਉਹ ਬੱਚਿਆਂ ਨੂੰ ਪ੍ਰਦਾਨ ਕੀਤੀ ਗਈ, ਇਸ ਕਰਕੇ ਬੱਚਿਆਂ ਦੇ ਮਾਪਿਆਂ ਵਿਚ ਬਹੁਤ ਖੁਸ਼ੀ ਤੇ ਉਤਸ਼ਾਹ ਦੇਖਿਆ ਜਾ ਰਿਹਾ | ਇਸ ਮੌਕੇ ਸਰਪੰਚ ਦਵਿੰਦਰ ਸਿੰਘ ਧੀਰਾ, ਸਕੂਲ ਮੁਖੀ ਬਰਿੰਦਰ ਸਿੰਘ ਪੱਡਾ, ਈ.ਟੀ.ਟੀ. ਕਮਲਪ੍ਰੀਤ ਕੌਰ, ਪਲਵਿੰਦਰ ਕੌਰ, ਹਰਦੀਪ ਕੌਰ, ਮੈਂਬਰ ਸੁਲੱਖਣ ਸਿੰਘ, ਰਣਜੀਤ ਸਿੰਘ ਕੈਨੇਡਾ, ਜਸਪਾਲ ਕੌਰ ਆਦਿ ਹਾਜ਼ਰ ਸਨ |