ਗੁਰਦਾਸਪੁਰ, 20 ਜਨਵਰੀ (ਗੁਰਪ੍ਰਤਾਪ ਸਿੰਘ)-22 ਜਨਵਰੀ ਨੂੰ ਪੁਲਿਸ ਥਾਣਾ ਬਹਿਰਾਮਪੁਰ ਮੂਹਰੇ ਲੱਗਣ ਵਾਲੇ ਧਰਨੇ ਦੀ ਪੁਰਜ਼ੋਰ ਹਮਾਇਤ ਕਰਨ ਦਾ ਜਨਤਕ ਜਥੇਬੰਦੀਆਂ ਵਲੋਂ ਐਲਾਨ ਕੀਤਾ ਹੈ | ਇਨ੍ਹਾਂ ਜਥੇਬੰਦੀਆਂ 'ਚ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਪੰਜਾਬ ਸਟੂਡੈਂਟ ਯੂਨੀਅਨ ਸ਼ਾਮਿਲ ਹਨ | ਜਾਣਕਾਰੀ ਦਿੰਦੇ ਹੋਏ ਕਾਮਰੇਡ ਰਮੇਸ਼ ਰਾਣਾ, ਜੋਗਿੰਦਰ ਪਾਲ ਪਨਿਆੜ, ਸੁਖਦੇਵ ਰਾਜ ਬਹਿਰਾਮਪੁਰ, ਜੋਗਿੰਦਰ ਪਾਲ ਘੁਰਾਲਾ, ਗੁਰਮੀਤ ਰਾਜ ਪਾਹੜਾ, ਮੇਜਰ ਸਿੰਘ ਕੋਟ ਟੋਡਰ ਮੱਲ, ਰਾਜ ਕੁਮਾਰ ਪੰਡੋਰੀ, ਸੱਜਣ ਸਿੰਘ ਰਾਊਵਾਲ ਤੇ ਵਿਦਿਆਰਥੀ ਆਗੂ ਅਮਰ ਕ੍ਰਾਂਤੀ ਨੇ ਦੱਸਿਆ ਕਿ 10 ਜਨਵਰੀ ਨੂੰ ਥਾਣਾ ਬਹਿਰਾਮਪੁਰ ਪੁਲਿਸ ਵਲੋਂ ਸਥਾਨਕ ਚੌਕ ਵਿਖੇ ਨਾਕਾ ਲਗਾਇਆ ਸੀ | ਇਸ ਦੌਰਾਨ ਬ੍ਰਾਹਮਣੀ ਪਿੰਡ ਵਾਲੇ ਪਾਸਿਉਂ ਧਰਮਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਆਪਣੇ ਮੋਟਰਸਾਈਕਲ 'ਤੇ ਆ ਰਿਹਾ ਸੀ ਕਿ ਚੌਕ ਵਿਚ ਖੜੇ ਸਿਵਲ ਡਰੈੱਸ ਵਿਚ ਪੁਲਿਸ ਮੁਲਾਜ਼ਮ ਨੇ ਧਰਮਿੰਦਰ ਸਿੰਘ ਦੀ ਬਿਨਾਂ ਵਜ੍ਹਾ ਕੁੱਟਮਾਰ ਕੀਤੀ ਤੇ ਇਕ ਹਜ਼ਾਰ ਰੁਪਏ ਦਾ ਚਲਾਨ ਵੀ ਕੱਟਿਆ | ਪੁਲਿਸ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਤੇ ਧਰਮਿੰਦਰ ਸਿੰਘ ਦੇ ਪੱਖ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਐਸ.ਐਚ.ਓ ਬਹਿਰਾਮਪੁਰ ਨੂੰ ਮਿਲਣ ਗਏ ਤੇ ਮੁਲਾਜ਼ਮ ਵਲੋਂ ਕੀਤੀ ਧੱਕੇਸ਼ਾਹੀ ਬਾਰੇ ਦੱਸਿਆ | ਆਗੂਆਂ ਨੇ ਦੋਸ਼ ਲਗਾਏ ਕਿ ਐਸ.ਐਚ.ਓ ਦਾ ਜਵਾਬ ਸੀ ਕਿ ਅਸੀਂ ਤਾਂ ਇਸ ਤਰ੍ਹਾਂ ਹੀ ਕਰਾਂਗੇ , ਕਿਉਂਕਿ ਸਾਡੇ ਉੱਪਰਲੇ ਅਫ਼ਸਰਾਂ ਦਾ ਹੁਕਮ ਹੈ | ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਦੇ ਨਾਲ ਪੁਲਿਸ ਵਲੋਂ ਇਸ ਤਰ੍ਹਾਂ ਦੇ ਕੀਤੇ ਵਤੀਰੇ ਨੂੰ ਮੁੱਖ ਰੱਖਦਿਆਂ ਬਹਿਰਾਮਪੁਰ ਥਾਣੇ ਵਿਖੇ ਲੱਗਣ ਵਾਲੇ ਧਰਨੇ ਵਿਚ ਸਮੂਹ ਜਥੇਬੰਦੀਆਂ ਵਲੋਂ ਭਰਵਾਂ ਸਹਿਯੋਗ ਦੇਣ ਦੀ ਗੱਲ ਆਖੀ ਗਈ ਹੈ |