ਫ਼ਤਹਿਗੜ੍ਹ ਸਾਹਿਬ, 29 ਜਨਵਰੀ (ਬਲਜਿੰਦਰ ਸਿੰਘ)-ਸੂਬੇ ਨੂੰ ਗੈਂਗਸਟਰ ਮੁਕਤ ਬਣਾਉਣ ਲਈ ਸ਼ੁਰੂ ਕੀਤੇ 'ਆਪ੍ਰੇਸ਼ਨ ਪ੍ਰਹਾਰ' ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਫ਼ਤਹਿਗੜ੍ਹ ਸਾਹਿਬ ਵਿਚ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਪਤਾਨ ਪੁਲਿਸ (ਐਚ) ਹਰਵੰਤ ਕੌਰ ਦੀ ਅਗਵਾਈ ਹੇਠ ਪੁਲਿਸ ਵਲੋਂ ਜੋਤੀ ਸਰੂਪ ਮੋੜਾਂ 'ਤੇ ਨਾਕਾਬੰਦੀ ਕਰਕੇ ਕਰੀਬ 850 ਵਾਹਨਾਂ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ ਆਵਾਜਾਈ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿਚ 400 ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ | ਇਸ ਤੋਂ ਇਲਾਵਾ 4 ਮੋਟਰਸਾਈਕਲ ਲੋੜੀਂਦੇ ਕਾਗ਼ਜ਼ਾਤ ਪੂਰੇ ਨਾ ਹੋਣ ਦੀ ਸੂਰਤ ਵਿਚ ਬੰਦ ਕੀਤੇ ਗਏ | ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਡੀ.ਜੀ.ਪੀ ਦੇ ਹੁਕਮਾਂ ਤਹਿਤ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਅਤੇ ਅਪਰੇਸ਼ਨ ਪ੍ਰਹਾਰ ਮੁਹਿੰਮ ਤਹਿਤ ਸਮਾਜ ਦੇ ਭੈੜੇ ਅਨਸਰਾਂ ਖ਼ਿਲਾਫ਼ ਜੰਗ ਛੇੜੀ ਹੋਈ ਹੈ ਅਤੇ ਜਦੋਂ ਤੱਕ ਪੰਜਾਬ ਨੂੰ ਨਸ਼ਾ ਮੁਕਤ ਤੇ ਅਪਰਾਧ ਮੁਕਤ ਨਹੀਂ ਬਣਾ ਦਿੱਤਾ ਜਾਂਦਾ, ਇਹ ਜੰਗ ਜਾਰੀ ਰਹੇਗੀ | ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਪੁਲਿਸ ਵਲੋਂ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ | ਕਿਉਂਕਿ ਪੁਲਿਸ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਬਚਨਬੱਧ ਹੈ | ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਮੁਹਿੰਮ ਦਾ ਉਦੇਸ਼ ਜ਼ਿਲ੍ਹੇ ਨੂੰ ਗੈਂਗਸਟਰ ਮੁਕਤ ਬਣਾਉਣਾ ਹੈ ਜਿਸ ਵਿਚ ਅਮਨ ਪਸੰਦ ਨਾਗਰਿਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ | ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਪਛਾਣਦੇ ਹੋਏ ਆਪਣੇ ਆਲੇ-ਦੁਆਲੇ ਹੋਣ ਵਾਲੀਆਂ ਗੈਰ ਸਮਾਜਿਕ ਤੇ ਸ਼ੱਕੀ ਗਤੀਵਿਧੀਆਂ ਦੀ ਜਾਣਕਾਰੀ ਸੰਬੰਧਿਤ ਪੁਲਿਸ ਨੂੰ ਜ਼ਰੂਰ ਦੇਣ ਤਾਂ ਜੋ ਸਮਾਜ ਦੇ ਭੈੜੇ ਅਨਸਰਾਂ ਨੂੰ ਸਮਾਂ ਰਹਿੰਦਿਆਂ ਕਾਬੂ ਕਰਕੇ ਜੇਲ੍ਹਾਂ ਵਿਚ ਡੱਕਿਆ ਜਾ ਸਕੇ ਅਤੇ ਸੂਚਨਾ ਦੇਣ ਵਾਲੇ ਨਾਗਰਿਕ ਦੀ ਪਛਾਣ ਗੁਪਤ ਰੱਖੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਗੈਂਗਸਟਰਾਂ ਖ਼ਿਲਾਫ਼ ਸ਼ੁਰੂ ਕੀਤੇ 'ਆਪ੍ਰੇਸ਼ਨ ਪ੍ਰਹਾਰ' ਦੇ ਚੰਗੇ ਨਤੀਜੇ ਸਾਹਮਣੇ ਆਉਣ ਨਾਲ ਇਸ ਮੁਹਿੰਮ ਨੂੰ ਪ੍ਰਭਾਵੀ ਢੰਗ ਨਾਲ ਭਵਿੱਖ ਵਿਚ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਗੈਂਗਸਟਰਵਾਦ ਦਾ ਮੁਕੰਮਲ ਸਫ਼ਾਇਆ ਨਹੀਂ ਹੋ ਜਾਂਦਾ | ਉਨ੍ਹਾਂ ਦੱਸਿਆ ਕਿ ਅੱਜ ਜੋਤੀ ਸਰੂਪ ਮੋੜਾਂ 'ਤੇ ਕਪਤਾਨ ਪੁਲਿਸ (ਐਚ) ਹਰਵੰਤ ਕੌਰ ਦੀ ਅਗਵਾਈ ਹੇਠ ਪੁਲਿਸ ਵਲੋਂ ਕੀਤੀ ਗਈ ਨਾਕਾਬੰਦੀ ਦੌਰਾਨ 850 ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ ਜਿਸ ਦੌਰਾਨ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ 400 ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ, ਇਸ ਤੋਂ ਇਲਾਵਾ 4 ਮੋਟਰਸਾਈਕਲ ਲੋੜੀਂਦੇ ਕਾਗ਼ਜ਼ਾਤ ਪੂਰੇ ਨਾ ਹੋਣ ਦੀ ਸੂਰਤ ਵਿਚ ਬੰਦ ਕੀਤੇ ਗਏ ਹਨ | ਇਸ ਮੌਕੇ ਕਪਤਾਨ ਪੁਲਿਸ (ਐਚ) ਹਰਵੰਤ ਕੌਰ, ਡੀ.ਐਸ.ਪੀ ਕੁਲਵੀਰ ਸਿੰਘ ਸੰਧੂ ਤੋਂ ਇਲਾਵਾ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ |