02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਮਨਰੇਗਾ ਮੁਲਾਜ਼ਮ 4 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਆਰਥਿਕ ਤੰਗੀ ਨਾਲ ਜੂਝ ਰਹੇ ਹਨ-ਜੱਲ੍ਹਾ

ਅਜੀਤ ਡੈਸਕ 30-01-2026
ਫ਼ਤਹਿਗੜ੍ਹ ਸਾਹਿਬ, 29 ਜਨਵਰੀ (ਬਲਜਿੰਦਰ ਸਿੰਘ)-ਪੰਚਾਇਤੀ ਰਾਜ ਸੰਗਠਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਜੱਲ੍ਹਾ ਨੇ ਪੰਜਾਬ ਦੀ 'ਆਪ' ਸਰਕਾਰ 'ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਇਕ ਪਾਸੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਕੇ ਵੀ.ਬੀ ਜੀ.ਰਾਮ ਜੀ ਸਕੀਮ ਦੀ ਆੜ ਹੇਠ ਗ਼ਰੀਬ ਮਜ਼ਦੂਰਾਂ ਦੇ ਰਿਜ਼ਕ 'ਤੇ ਵੱਡਾ ਹਮਲਾ ਕੀਤਾ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਮਨਰੇਗਾ ਮੁਲਾਜ਼ਮਾਂ ਨੂੰ ਪਿਛਲੇ 4 ਮਹੀਨਿਆਂ ਤੋਂ ਤਨਖ਼ਾਹਾਂ ਨਾ ਦੇ ਕੇ ਕੇਂਦਰ ਸਰਕਾਰ ਦੀ ਨਵੀਂ ਸਕੀਮ ਦੇ ਹੱਕ ਵਿਚ ਭੁਗਤਿਆ ਜਾ ਰਿਹਾ ਹੈ | ਕਿਉਂਕਿ ਆਮ ਆਦਮੀ ਪਾਰਟੀ ਵਲੋਂ ਚੋਣਾਂ ਦੌਰਾਨ ਇਨ੍ਹਾਂ ਮਨਰੇਗਾ ਮੁਲਾਜ਼ਮਾਂ ਨੂੰ ਸਰਕਾਰ ਬਣਨ 'ਤੇ ਪਹਿਲੇ ਸਾਲ ਅੰਦਰ ਹੀ ਪੱਕੇ ਕਰਨ ਦਾ ਦਾਅਵਾ ਕਰਕੇ ਉਨ੍ਹਾਂ ਦੀਆਂ ਵੋਟਾਂ ਬਟੋਰੀਆਂ ਗਈਆਂ ਸਨ, ਪਰ 'ਆਪ' ਸਰਕਾਰ ਨੇ ਇਨ੍ਹਾਂ ਮਨਰੇਗਾ ਮੁਲਾਜ਼ਮਾਂ ਨੂੰ ਆਪਣੇ 4 ਸਾਲ ਦੇ ਕਾਰਜਕਾਲ ਪੱਕਾ ਤਾਂ ਹੀ ਕਰਨਾ ਸੀ, ਹੁਣ ਉਨ੍ਹਾਂ ਨੂੰ ਪਿਛਲੇ 4 ਮਹੀਨਿਆਂ ਤੋਂ ਤਨਖ਼ਾਹਾਂ ਵੀ ਨਹੀਂ ਦਿੱਤੀਆਂ ਗਈਆਂ | ਜਿਸ ਕਰਕੇ ਇਹ ਮੁਲਾਜ਼ਮ ਬਿਨਾ ਤਨਖ਼ਾਹ ਤੋਂ ਫਾਕੇ ਕੱਟਣ ਲਈ ਮਜਬੂਰ ਹੋਏ ਪਏ ਹਨ | ਸ. ਜੱਲ੍ਹਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਨ੍ਹਾਂ ਮਨਰੇਗਾ ਮੁਲਾਜ਼ਮਾਂ 'ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸਮੇਤ ਹੋਰ ਕਈ ਤਰ੍ਹਾਂ ਵਾਧੂ ਕੰਮਾਂ ਦਾ ਬੋਝ ਪਾਇਆ ਜਾ ਰਿਹਾ ਹੈ | ਜਿਸ ਕਰਕੇ ਇਹ ਕਾਮੇ ਆਰਥਿਕ ਅਤੇ ਮਾਨਸਿਕ ਤਸ਼ੱਦਦ ਦਾ ਸ਼ਿਕਾਰ ਹੋ ਰਹੇ ਹਨ | ਉਨ੍ਹਾਂ ਦਾਅਵਾ ਕੀਤਾ ਕਿ 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮੁਲਾਜ਼ਮ, ਪੈਨਸ਼ਨਰ ਅਤੇ ਮਜ਼ਦੂਰ ਵਰਗ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜ਼ਮਾਨਤਾਂ ਜ਼ਬਤ ਕਰਵਾਉਣ ਲਈ ਕਮਰ ਕੱਸੀ ਬੈਠੇ ਹਨ, ਕਿਉਂਕਿ 'ਆਪ' ਸਰਕਾਰ ਨੇ ਸਿਵਾਏ ਝੂਠ ਤੋਂ ਪੰਜਾਬ ਦਾ ਕੁਝ ਨਹੀਂ ਸੰਵਾਰਿਆ |
ਪਿਛਲੀ ਖ਼ਬਰ ਯੱੁਧ ਨਸ਼ਿਆਂ ਵਿਰੁੱਧ ਅਤੇ ਆਪ੍ਰੇਸ਼ਨ ਪ੍ਰਹਾਰ ਮੁਹਿੰਮ ਤਹਿਤ ਭੈੜੇ ਅਨਸਰਾਂ ਖ਼ਿਲਾਫ਼ ਜੰਗ ਜਾਰੀ ਰਹੇਗੀ-ਸ਼ੁਭਮ ਅਗਰਵਾਲ ਅਗਲੀ ਖ਼ਬਰ ਪਹਿਲੀ ਓਪਨ ਪੰਜਾਬ ਸਟੇਟ ਤਾਈਕਵਾਂਡੋ ਚੈਂਪੀਅਨਸ਼ਿਪ 'ਚ ਅਮਨ ਸਪੋਰਟਸ ਕਲੱਬ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।