ਕਾਠਗੜ੍ਹ, 14 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਅਨਾਜ ਮੰਡੀਆਂ ਵਿਚ ਕਣਕ ਦੀ ਖ਼ਰੀਦ ਅਜੇ ਤੱਕ ਸ਼ੁਰੂ ਨਹੀਂ ਹੋਈ ਹੈ, ਜਦ ਕਿ ਸਰਕਾਰ ਪਹਿਲੀ ਅਪੈ੍ਰਲ ਤੋਂ ਕਣਕ ਖ਼ਰੀਦਣ ਦਾ ਦਾਅਵਾ ਕਰਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਿਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਦਾਣਾ ਮੰਡੀ ਮਜਾਰੀ, ਬਲਾਚੌਰ, ਮੋਹਰ, ਕਾਠਗੜ੍ਹ ਅਤੇ ਟੌਂਸਾ ਆਦਿ ਮੰਡੀਆਂ ਦਾ ਦੌਰਾ ਕਰਨ ਉਪਰੰਤ ਕੀਤਾ | ਉਹਨਾਂ ਚਿੰਤਾ ਜ਼ਾਹਿਰ ਕੀਤੀ ਕੇ ਮੰਡੀਆਂ ਵਿੱਚ ਨਾ ਵਾਰਦਾਨਾ ਉਪਲਬਧ ਹੈ ਅਤੇ ਨਾ ਹੀ ਸਰਕਾਰੀ ਖ਼ਰੀਦ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ | ਭਾਵੇਂ ਕੇਂਦਰ ਸਰਕਾਰ ਨੇ ਪਹਿਲਾਂ ਪਏ ਅਨਾਜ ਦੇ ਸਟਾਕ ਨੂੰ ਚੁੱਕਣ ਲਈ 8 ਸਪੈਸ਼ਲ ਗੱਡੀਆਂ ਪੰਜਾਬ ਲਈ ਭੇਜਣ ਦਾ ਵਾਅਦਾ ਕੀਤਾ ਹੈ, ਪਰ ਅਜੇ ਤੱਕ ਅਮਲ ਵਿੱਚ ਲਿਫ਼ਟਿੰਗ ਸ਼ੁਰੂ ਨਹੀਂ ਹੋਈ ਹੈ | ਐਫ.ਸੀ.ਆਈ ਨੇ ਕਣਕ ਖ਼ਰੀਦਣ ਲਈ ਬਹੁਤ ਸਖ਼ਤ ਸ਼ਰਤਾਂ ਰੱਖੀਆਂ ਹਨ, ਉੱਪਰੋਂ ਬੇਮੌਸਮੀ ਮੀਂਹ ਨੇ ਕਣਕ ਦੇ ਦਾਣੇ ਦੀ ਚਮਕ 'ਤੇ ਮਾੜਾ ਅਸਰ ਪਾਇਆ ਹੈ | ਇੰਨੀਆਂ ਸਖ਼ਤ ਸ਼ਰਤਾਂ ਤਹਿਤ ਸਰਕਾਰੀ ਖ਼ਰੀਦ ਏਜੰਸੀਆਂ ਕਣਕ ਦੀ ਖ਼ਰੀਦ ਨਹੀਂ ਕਰ ਸਕਣਗੀਆਂ | ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਖ਼ਰੀਦ ਸ਼ਰਤਾਂ ਵਿੱਚ ਨਰਮੀ ਕਰੇ ਤਾਂ ਕੇ ਖ਼ਰੀਦ ਬੈਡਲੋਕ ਖ਼ਤਮ ਹੋ ਸਕੇ ਤੇ ਕਿਸਾਨਾਂ ਦੀਆਂ ਚਿੰਤਾਵਾਂ ਖ਼ਤਮ ਹੋਣ | ਬਾਰਦਾਨਾ ਤੁਰੰਤ ਭੇਜਿਆ ਜਾਵੇ ਅਤੇ ਕੇਂਦਰ ਸਰਕਾਰ ਲਿਫ਼ਟਿੰਗ ਦੇ ਕੰਮ ਵਿੱਚ ਤੇਜ਼ੀ ਲਿਆਵੇ ਤਾਂ ਕਿ ਕਿਸਾਨਾਂ ਦੀ ਫ਼ਸਲ ਮੰਡੀ ਵਿੱਚ ਬਿਨਾਂ ਕਿਸੇ ਦੇਰੀ ਖ਼ਰੀਦੀ ਜਾ ਸਕੇ | ਇਸ ਮੌਕੇ ਉਨ੍ਹਾਂ ਨਾਲ ਕਰਨੈਲ ਸਿੰਘ ਭੱਲਾ, ਸਤਪਾਲ ਸਾਰੋਵਾਲ, ਹਰਦੇਵ ਸਿੰਘ ਰਾਣਾ, ਸੰਤੋਖ ਸਿੰਘ ਅਤੇ ਮਨੋਹਰ ਲਾਲ ਵੀ ਹਾਜ਼ਰ ਸਨ |