ਚਮੋਲੀ, 30 ਅਕਤੂਬਰ- ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਵੀਰਵਾਰ (30 ਅਕਤੂਬਰ) ਨੂੰ ਇਕ ਦਰਦਨਾਕ ਹੈਲੀਕਾਪਟਰ ਹਾਦਸਾ ਵਾਪਰਿਆ ਬਦਰੀਨਾਥ ਧਾਮ ਤੋਂ ਛੇ ਯਾਤਰੀਆਂ ਨੂੰ ਲੈ ਕੇ ਰਿਸ਼ੀਕੇਸ਼ ਵੱਲ ਜਾ ਰਿਹਾ ਇਕ ਨਿੱਜੀ ਕੰਪਨੀ ਦਾ ਹੈਲੀਕਾਪਟਰ ਖ਼ਰਾਬ ਮੌਸਮ ਕਾਰਨ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਹੈਲੀਕਾਪਟਰ ਸਵਾਰ ਸਾਰੇ ਛੇ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ, ਹੈਲੀਕਾਪਟਰ ਬਦਰੀਨਾਥ ਧਾਮ ਅਤੇ ਜੋਸ਼ੀਮਠ ਦੇ ਵਿਚਕਾਰ ਉਡਾਣ ਦੌਰਾਨ ਅਚਾਨਕ ਰਾਡਾਰ ਤੋਂ ਗਾਇਬ ਹੋ ਗਿਆ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ ਅਤੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ।
ਰਿਪੋਰਟਾਂ ਮੁਤਾਬਕ, ਖ਼ਰਾਬ ਮੌਸਮ ਕਾਰਨ ਹੈਲੀਕਾਪਟਰ ਚੈਨ ਅਤੇ ਥਯਾਂਗ ਪਿੰਡਾਂ ਦੇ ਨੇੜੇ ਹਾਦਸਾਗ੍ਰਸਤ ਹੋਇਆ। ਫੌਜ ਵਲੋਂ ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਹਾਦਸੇ ਵਾਲੀ ਥਾਂ ਦਾ ਪਤਾ ਲਗਾਇਆ ਅਤੇ ਹਾਦਸੇ ਦੀ ਪੁਸ਼ਟੀ ਕੀਤੀ।
ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤੀ ਹਾਦਸੇ ਦੀ ਪੁਸ਼ਟੀ
ਚਮੋਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਗੌਰਵ ਕੁਮਾਰ ਨੇ ਦੱਸਿਆ ਕਿ ਜਿਵੇਂ ਹੀ ਹੈਲੀਕਾਪਟਰ ਨਾਲ ਸੰਪਰਕ ਟੁੱਟਣ ਦੀ ਜਾਣਕਾਰੀ ਮਿਲੀ, ਪ੍ਰਸ਼ਾਸਨ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਫੌਜ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਹਾਦਸੇ ਵਾਲੀ ਥਾਂ ਦੀ ਪਛਾਣ ਕੀਤੀ ਗਈ ਅਤੇ ਛੇ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ।
ਮੁੱਖ ਮੰਤਰੀ ਧਾਮੀ ਨੇ ਪ੍ਰਗਟਾਇਆ ਦੁੱਖ
ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਦਰਦਨਾਕ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਪੋਸਟ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਜੋਸ਼ੀਮਠ ਨੇੜੇ ਚਾਈ ਪਿੰਡ ਕੋਲ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ, ਆਫ਼ਤ ਪ੍ਰਬੰਧਨ ਵਿਭਾਗ ਅਤੇ SDRF ਵਲੋਂ ਸਾਂਝੇ ਤੌਰ 'ਤੇ ਰਾਹਤ ਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ ਅਤੇ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਲਈ ਵੱਡੇ ਮੈਡੀਕਲ ਕੇਂਦਰਾਂ ਤੱਕ ਪਹੁੰਚਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।