ਮਜਾਰੀ/ਸਾਹਿਬਾ, 14 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਅਗਾਂਹ ਵਧੂ ਕਿਸਾਨ ਤੇ ਪਿੰਡ ਸਿੰਬਲ ਮਜਾਰਾ ਦੇ ਸਾਬਕਾ ਸਰਪੰਚ ਜੀਤ ਸਿੰਘ ਨੇ ਖੇਤੀਬਾੜੀ ਮੰਤਰੀ ਪੰਜਾਬ ਨੂੰ ਇੱਕ ਪੱਤਰ ਲਿੱਖ ਕੇ ਮੰਗ ਕੀਤੀ ਹੈ ਕਿ ਕੁਦਰਤੀ ਆਫਤਾਂ ਜਿਵੇਂ ਹੜ੍ਹਾਂ, ਸੋਕੇ ਰਾਹੀਂ, ਤੇਜ ਹਵਾਵਾਂ, ਗੜ੍ਹੇ ਪੈਣ ਆਦਿ ਕਾਰਨ ਕਿਸਾਨਾਂ ਦੀਆਂ ਫਸਲਾਂ ਦੇ ਹੁੰਦੇ ਨੁਕਸਾਨ ਦੀ ਭਰਪਾਈ ਕੋਈ ਖੇਤੀਬਾੜੀ ਬੀਮਾ ਯੋਜਨਾਂ ਸ਼ੁਰੂ ਕਰਨੀ ਚਾਹੀਦੀ ਹੈ, ਜਿਸ ਨਾਲ ਕੁਦਰਤੀ ਆਫਤਾਂ ਕਾਰਨ ਘਾਟੇ ਵਿੱਚ ਜਾ ਰਹੇ ਕਿਸਾਨਾਂ ਨੂੰ ਰਾਹਤ ਮਿਲ ਸਕੇ | ਉਨ੍ਹਾਂ ਕਿਹਾ ਕਿ 'ਕਿਸਾਨ ਕੁਦਰਤੀ ਆਫਤ ਫੰਡ' ਨਾਮ ਦੀ ਸੰਸਥਾ ਬਣਾ ਕੇ ਹਰੇਕ ਕਿਸਾਨ ਕੋਲੋਂ ਪ੍ਰਤੀ ਏਕੜ ਬੀਮੇ ਦੇ ਰੂਪ ਵਿਚ ਹਰ ਸਾਲ 100, 200, ਜਾਂ 500 ਰੁ. ਜਿੰਨਾ ਵਾਜਬ ਹੋਵੇ ਲਿਆ ਜਾਵੇ | ਇਸ ਯੋਜਨਾ ਵਾਸਤੇ ਕਿਸਾਨ ਇੰਨੀ ਰਕਮ ਦੇਣ ਤੋਂ ਕਦੇ ਵੀ ਪਿੱਛੇ ਨਹੀ ਹਟੇਗਾ | ਕਿਸਾਨੀ ਨੂੰ ਕੁਦਰਤੀ ਆਫਤਾਂ ਤੋਂ ਬਚਾਉਣ ਲਈ ਜ਼ਿਲ੍ਹਾ ਵਾਈਜ਼ ਉੱਚ ਅਫਸਰਾਂ ਦੀ ਇਕ ਕਮੇਟੀ ਬਣਾਈ ਜਾਵੇ | ਜੋ ਕਿਸਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰੇ ਤੇ ਔਖੇ ਵੇਲੇ ਕਿਸਾਨਾਂ ਦੀ ਬਾਂਹ ਫੜ੍ਹੇ |