ਚੌਂਕੀਮਾਨ, 7 ਮਈ (ਤੇਜਿੰਦਰ ਸਿੰਘ ਚੱਢਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡੀਨ ਕਾਲਜ ਡਿਵੈਲਪਮੈਂਟ ਕੌਂਸਲ ਦੁਆਰਾ ਸਕਿੱਲ-2 ਮਾਰਕਿਟ ਪ੍ਰੋਗਰਾਮ ਨੂੰ ਲਾਗੂ ਕਰਨ ਦਾ ਉਦਘਾਟਨੀ ਸਮਾਰੋਹ ਕਰਵਾਇਆ ਗਿਆ | ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਇਸ ਉਪਰਾਲੇ ਦਾ ਉਦੇਸ਼ ਵਿਦਿਆਰਥਣਾਂ ਨੂੰ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕਰਦਿਆਂ ਆਤਮ ਨਿਰਭਰ ਬਣਾਉਣਾ ਸੀ | ਇਸ 'ਚ ਖ਼ਾਲਸਾ ਕਾਲਜ ਫ਼ਾਰ ਵੁਮੈਨ ਸਿੱਧਵਾਂ ਖੁਰਦ ਦੀਆਂ ਵਿਦਿਆਰਥਣਾਂ ਨੇ ਹੱਥੀਂ ਬਣਾਈਆਂ ਵਸਤਾਂ ਜਿੰਨ੍ਹਾਂ 'ਚ ਪੀੜ੍ਹੀਆਂ, ਪੱਖੀਆਂ, ਕਰੋਸ਼ੀਆਂ ਦੀਆਂ ਬਣੀਆਂ ਵਸਤਾਂ, ਹੱਥ ਦੀ ਕਢਾਈ ਦੇ ਰੁਮਾਲ, ਛਿੱਕੂ, ਪਰਾਂਦੇ, ਨਾਲੇ, ਕਲਿੱਪ, ਪੇਟਿੰਗ ਅਤੇ ਸਕੈਚ ਆਦਿ ਤਿਆਰ ਵਸਤਾਂ ਨੂੰ ਇਸ ਮਾਰਕਿਟ ਵਿਚ ਵੇਚਿਆ ਗਿਆ | ਕਾਲਜ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਵਿਦਿਆਰਥਣਾਂ ਦੇ ਉੱਦਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਕਿ ਇਹੋ ਜਿਹੇ ਮੌਕੇ ਉਨ੍ਹਾਂ ਨੂੰ ਆਮਦਨੀ ਪ੍ਰਾਪਤੀ ਦੇ ਵਸੀਲਿਆਂ ਦੇ ਮਾਰਗ ਦਰਸ਼ਕ ਬਣਾਉਂਦੇ ਹਨ | ਉਨ੍ਹਾਂ ਵਿਦਿਆਰਥਣਾਂ ਦੇ ਇੰਚਾਰਜ ਅਧਿਆਪਕਾਂ ਪ੍ਰੋ: ਤੀਰਥ ਕੌਰ ਤੇ ਪ੍ਰੋ: ਅਵਨੀਤ ਕੌਰ ਦੇੇ ਯਤਨਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਪ੍ਰੋ: ਰੂਪਾ ਕੌਰ ਰਾਏ ਦੁਆਰਾ ਇਸ ਸਮਾਗਮ ਅਤੇ ਐੱਨ.ਈ.ਪੀ. ਨੂੰ ਦਰਪੇਸ਼ ਸਮੱਸਿਆਵਾਂ ਵਿਸ਼ੇ 'ਤੇ ਆਯੋਜਿਤ ਪਿ੍ੰਸੀਪਲ ਕਾਨਫ਼ਰੰਸ ਵਿਚ ਮੰਚ ਸੰਚਾਲਨ ਲਈ ਉਚੇਰੇ ਤੌਰ 'ਤੇ ਸ਼ਲਾਘਾ ਕੀਤੀ |