ਸਿੱਧਵਾਂ ਬੇਟ, 7 ਮਈ (ਜਸਵੰਤ ਸਿੰਘ ਸਲੇਮਪੁਰੀ)-ਸ਼੍ਰੋਮਣੀ ਅਕਾਲੀ ਦਲ ਹਲਕਾ ਦਾਖਾ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਦਿਉਲ ਅਤੇ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਛੀਨਾ ਸਰਪੰਚ ਗੋਰਸੀਆਂ ਕਾਦਰਬਖ਼ਸ ਨੇ ਆਖਿਆ ਕਿ ਲੋਕਾਂ ਨੂੰ ਝੂਠੇ ਸਬਜ਼ਬਾਗ ਵਿਖਾ ਕੇ ਸੂਬੇ ਦੀ ਸੱਤ੍ਹਾ 'ਤੇ ਕਾਬਜ਼ ਹੋਈ ਬਦਲਾਅ ਵਾਲੀ ਮਾਨ ਸਰਕਾਰ ਅੱਜ ਹਰ ਫਰੰਟ 'ਤੇ ਫੇਲ੍ਹ ਸਾਬਿਤ ਹੋ ਗਈ ਹੈ ਅਤੇ ਸੂਬੇ ਅੰਦਰ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ | ਉਨ੍ਹਾਂ ਲੰਘੀ ਰਾਤ ਜਲੰਧਰ, ਅੰਮਿ੍ਤਸਰ ਸਾਹਿਬ ਅਤੇ ਕਈ ਹੋਰ ਥਾਵਾਂ 'ਤੇ ਹੋਏ ਬੰਬ ਧਮਾਕਿਆਂ ਨੂੰ ਲੈ ਕੇ ਮਾਨ ਸਰਕਾਰ ਨੂੰ ਘੇਰਦੇ ਹੋਏ ਆਖਿਆ ਕਿ ਅਜਿਹੀਆਂ ਖੌਫਨਾਕ ਘਟਨਾਵਾਂ ਜਿੰਨੀਆਂ ਮਾਨ ਸਰਕਾਰ ਦੇ 50 ਮਹੀਨਿਆਂ ਵਿਚ ਵਾਪਰੀਆਂ ਸ਼ਾਇਦ ਇੰਨੀਆਂ ਘਟਨਾਵਾਂ ਇਸ ਤੋਂ ਪਿਛਲੇ 25 ਸਾਲ ਰਾਜ ਕਰਨ ਵਾਲੀਆਂ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਵਿਚ ਨਾ ਵਾਪਰੀਆਂ ਹੋਣ | ਉਨ੍ਹਾਂ ਆਖਿਆ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਬੀਤੀ ਰਾਤ ਦੀਆਂ ਘਟਨਾਵਾਂ ਲਈ ਭਾਰਤੀ ਜਨਤਾ ਪਾਰਟੀ ਨੂੰ ਸ਼ਰ੍ਹੇਆਮ ਜ਼ਿੰਮੇਵਾਰ ਦੱਸ ਰਹੇ ਹਨ | ਉਨ੍ਹਾਂ ਆਖਿਆ ਕਿ ਸਾਡੀ ਪਾਰਟੀ ਵਲੋਂ ਸੂਬੇ ਭਰ ਵਿਚ ਕੀਤੇ ਗਏ ਵਿਕਾਸ ਕੰਮਾਂ ਦੀ ਬਦੌਲਤ 2027 ਦੀਆਂ ਚੋਣਾਂ ਵਿਚ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਹੋਣਗੇ |