20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਭਾਜਪਾ ਦੀ ਕੇਂਦਰ ਸਰਕਾਰ ਪੰਜਾਬ ਨਾਲ ਹਰ ਪਹਿਲੂ 'ਤੇ ਧੱਕਾ ਕਰ ਰਹੀ ਹੈ-ਮਨਪ੍ਰੀਤ ਸਿੰਘ ਇਯਾਲੀ <br/>

ਅਜੀਤ ਡੈਸਕ 07-05-2026
ਮੁੱਲਾਂਪੁਰ-ਦਾਖਾ, 6 ਮਈ (ਨਿਰਮਲ ਸਿੰਘ ਧਾਲੀਵਾਲ)-ਪੱਛਮੀ ਏਸ਼ੀਆ ਦੇਸ਼ਾਂ ਵਿਚਕਾਰ ਜੰਗ ਦੀ ਆੜ ਹੇਠ ਭਾਰਤ ਦਾ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਰਸੋਈ ਗੈਸ ਦੀਆਂ ਬੇਤਹਾਸ਼ਾ ਕੀਮਤਾਂ ਵਧਾ ਕੇ ਖਪਤਕਾਰਾਂ ਦੀ ਲੁੱਟ ਕਰ ਰਿਹਾ, ਇਸ ਨੂੰ ਨਕੇਲ ਪੈਣੀ ਚਾਹੀਦੀ ਹੈ | ਇਹ ਪ੍ਰਗਟਾਵਾ ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਕੀਤਾ ਗਿਆ | ਇਯਾਲੀ ਨੇ ਕਿਹਾ ਕਿ ਤੇਲ ਕੰਪਨੀਆਂ ਦੇ ਮੁਨਾਫ਼ਿਆਂ 'ਚ ਬੇਅਥਾਹ ਵਾਧਾ ਕਰਨ ਲਈ ਕਿਸੇ ਸਮੇਂ ਵੀ ਡੀਜ਼ਲ-ਪੈਟਰੋਲ ਕੀਮਤਾਂ ਵਧਾ ਦਿੱਤੀਆਂ ਜਾਂਦੀਆਂ, ਜਿਸ ਦਾ ਭਾਰ ਸਹਿਣ ਕਰਨ ਲਈ ਆਮ ਲੋਕ ਸਮਰੱਥ ਨਹੀਂ | ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਕਾਰਪੋਰੇਟ ਹਮਾਇਤ ਨੀਤੀਆਂ ਮਹਿੰਗਾਈ ਨੂੰ ਬੜਾਵਾ ਦੇ ਰਹੀਆਂ | ਪੰਥਕ ਏਕਤਾ ਤਾਲਮੇਲ ਕਮੇਟੀ ਦੇ ਕਨਵੀਨਰ ਬਣੇ ਇਯਾਲੀ ਨੇ ਕਿਹਾ ਕਿ ਸਾਡਾ ਗਠਜੋੜ ਦੋਵੇਂ ਪਾਰਟੀਆਂ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਵਿਰੁੱਧ ਆਪਣੀ ਆਵਾਜ਼ ਬੁਲੰਦ ਰੱਖਣਗੀਆਂ | ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਪੰਜਾਬ ਨਾਲ ਹਰ ਪਹਿਲੂ 'ਤੇ ਧੱਕਾ ਕਰ ਰਹੀ ਹੈ, ਭਾਵੇਂ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਜਾਂ ਦਰਿਆਈ ਪਾਣੀ, ਇੱਥੇ ਹੀ ਬੱਸ ਨਹੀਂ, ਪੰਜਾਬ ਦੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚੋਂ ਵੀ ਸਾਡੀ ਮੈਂਬਰਸ਼ਿਪ ਕੇਂਦਰ ਸਰਕਾਰ ਨੇ ਖ਼ਤਮ ਕਰ ਦਿੱਤੀ | ਇਯਾਲੀ ਨੇ ਕਿਹਾ ਕਿ ਪੰਜਾਬ ਸਮੇਤ ਕਈ ਹੋਰ ਸੂਬਿਆਂ ਦੇ ਅਧਿਕਾਰਾਂ 'ਤੇ ਕੇਂਦਰ ਵਲੋਂ ਮਾਰੇ ਜਾ ਰਹੇ ਡਾਕੇ ਇਕ ਨਹੀਂ, ਅਨੇਕ ਹਨ, ਪੰਜਾਬ ਦੀ ਰਾਜਧਾਨੀ, ਪੰਜਾਬ ਦੀ ਯੂਨੀਵਰਸਿਟੀ, ਸਾਡੀਆਂ ਕਈ ਹੋੋਰ ਮਾਲਕੀਆਂ 'ਤੇ ਹਮੇਸ਼ਾ ਕੇਂਦਰ ਦੀ ਤਲਵਾਰ ਲਟਕਦੀ ਰਹਿੰਦੀ ਹੈ | ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਜਿੰਨ੍ਹਾਂ ਚਿਰ ਪੰਜਾਬੀ ਉਕਤ ਧੱਕੇਸ਼ਾਹੀਆਂ ਵਿਰੁੱਧ ਵਿਆਪਕ ਲਾਮਬੰਦੀ ਨਹੀਂ ਕਰਦੇ, ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਨੇ ਅੱਗੇ ਹੀ ਵਧਦੇ ਜਾਣਾ | ਬੰਗਾਲ ਸਮੇਤ ਕਈ ਹੋਰ ਰਾਜਾਂ 'ਚ ਭਾਜਪਾ ਦੀ ਜਿੱਤ ਵਾਲੇ ਸਵਾਲ 'ਤੇ ਇਯਾਲੀ ਨੇ ਕਿਹਾ ਕਿ ਵੋਟਰ ਸੂਚੀਆਂ ਸੁਧਾਈ ਦੀ ਆੜ ਹੇਠ ਬੰਗਾਲ ਦੇ ਲੱਖਾਂ ਲੋਕਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝੇ ਕਰ ਦੇਣਾ, ਕਿਥੋਂ ਦੀ ਜ਼ਮਹੂਰੀਅਤ ਹੈ | ਉਨ੍ਹਾਂ ਕਿਹਾ ਕਿ ਬੰਗਾਲ 'ਚ ਇਕ ਪਾਸੇ ਵੋਟਾਂ ਪੈ ਰਹੀਆਂ, ਦੂਜੇ ਪਾਸੇ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਚੱਲ ਰਿਹਾ | ਉਨ੍ਹਾਂ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਜੇਕਰ ਅਸੀਂ ਜ਼ਮਹੂਰੀਅਤ, ਧਰਮ ਨਿਰਪੱਖਤਾ ਅਤੇ ਸੰਘੀ ਢਾਂਚੇ ਨੂੰ ਮਜ਼ਬੂਤ ਬਣਾਉਣਾ ਹੈ ਤਾਂ ਭਾਜਪਾ ਦੀ ਫਿਰਕੂ ਧਰੁਵੀਕਰਨ ਵਾਲੀ ਰਾਜਨੀਤੀ ਦਾ ਸਾਰੇ ਰਾਜਸੀ ਦਲਾਂ ਵਲੋਂ ਇਕੱਠੇ ਹੋ ਕੇ ਵਿਰੋਧ ਕਰਨਾ ਹੋਵੇਗਾ |
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਸਫ਼ਾਈ ਸੇਵਕਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ <br/> ਅਗਲੀ ਖ਼ਬਰ ਦਾਣਾ ਮੰਡੀ 'ਚ ਚੋਰੀਆਂ ਦੇ ਸਿਲਸਿਲੇ ਨੇ ਮਜ਼ਦੂਰਾਂ ਨੂੰ ਆਰਥਿਕ ਮਾਰ ਪਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।