ਜਗਰਾਉਂ, 6 ਮਈ (ਗੁਰਦੀਪ ਸਿੰਘ ਮਲਕ)-ਜਗਰਾਉਂ ਨਜ਼ਦੀਕ ਸੀ.ਟੀ. ਯੂਨੀਵਰਸਿਟੀ ਵਿਚ ਬੀ.ਏ. ਪਹਿਲੇ ਸਾਲ ਦੀ ਇਕ ਵਿਦਿਆਰਥਣ ਭੇਦਭਰੇ ਹਾਲਾਤਾਂ ਵਿਚ ਕਾਲਜ ਦੀ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਈ | ਗੰਭੀਰ ਰੂਪ ਵਿਚ ਜ਼ਖ਼ਮੀ ਵਿਦਿਆਰਥਣ ਨੂੰ ਤੁਰੰਤ ਇਲਾਜ ਲਈ ਜਗਰਾਉਂ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਅੱਗੇ ਰੈਫਰ ਕਰ ਦਿੱਤਾ | ਚੌਂਕੀਮਾਨ ਚੌਕੀ ਦੇ ਇੰਚਾਰਜ ਰਣਧੀਰ ਸਿੰਘ ਦੇ ਅਨੁਸਾਰ ਜ਼ਖ਼ਮੀ ਵਿਦਿਆਰਥਣ ਦੀ ਪਹਿਚਾਣ ਨਵਦੀਪ ਕੌਰ (21) ਵਜੋਂ ਹੋਈ ਹੈ | ਉਹ ਮੋਗਾ ਜ਼ਿਲ੍ਹੇ ਦੇ ਧਰਮਕੋਟ ਦੇ ਪਿੰਡ ਜਾਫਰਵਾਲਾ ਦੀ ਰਹਿਣ ਵਾਲੀ ਹੈ ਅਤੇ ਸੀ.ਟੀ. ਯੂਨੀਵਰਸਿਟੀ ਬੀ.ਏ. ਪਹਿਲਾ ਸਾਲ ਦੀ ਵਿਦਿਆਰਥਣ ਹੈ | ਪੁਲਿਸ ਅਨੁਸਾਰ ਦੁਪਹਿਰ ਕਰੀਬ 12 ਵਜੇ ਸੂਚਨਾ ਮਿਲੀ ਕਿ ਇਕ ਵਿਦਿਆਰਥਣ ਯੂਨੀਵਰਸਿਟੀ ਦੀ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਈ ਹੈ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ | ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ |