ਜਗਰਾਉਂ, 19 ਫਰਵਰੀ (ਹਰਵਿੰਦਰ ਸਿੰਘ ਖ਼ਾਲਸਾ)-ਜਦੋਂ ਦੁਨੀਆਂ ਵੱਖ-ਵੱਖ ਪਾਸਿਆਂ 'ਚ ਵੰਡੀ ਹੋਈ ਸੀ | ਡਰ ਅਤੇ ਘੁਮੰਡ ਦੀਆਂ ਦੀਵਾਰਾਂ ਉਸਰੀਆਂ ਹੋਈਆਂ ਸਨ | ਉਸ ਵਕਤ ਦਸ ਗੁਰੂ ਸਾਹਿਬਾਨਾਂ ਨੇ ਲੋਕਾਈ ਅੰਦਰ ਸੱਚ ਦਾ ਹੋਕਾ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ | ਗੁਰੂ ਸਾਹਿਬ ਜੀ ਦੀ ਇਹ ਬਾਣੀ ਹਰ ਤਰ੍ਹਾਂ ਦੇ ਭੇਦ-ਭਾਵ ਨੂੰ ਖ਼ਤਮ ਕਰਕੇ ਮਨੁੱਖ ਦੇ ਸੁੱਤੇ ਮਨ ਨੂੰ ਜਗਾਉਂਦੀ ਹੈ | ਇਹ ਸ਼ਬਦ ਬਾਬਾ ਤੇਜਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਸਿੱਖ ਕੌਮ ਦੇ ਮਹਾਨ ਕੀਰਤਨੀਏ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨਾਲ ਵਿਚਾਰਾਂ ਕਰਦਿਆਂ ਆਖੇ | ਉਨ੍ਹਾਂ ਦੱਸਿਆ ਕਿ ਬਾਣੀ ਸਾਨੂੰ ਸ਼ਬਦ ਗੁਰੂ ਨਾਲ ਜੋੜਦੀ ਹੈ | ਜੋ ਦੱਸਦੀ ਹੈ ਕਿ ਰੱਬ ਇਕ ਹੈ, ਉਹ ਹਰ ਦਿਲ ਵਿਚ ਵੱਸਦਾ ਹੈ | ਅਸੀਂ ਸਭ ਉਸ ਦੀ ਸੰਤਾਨ ਹਾਂ | ਇਸ ਲਈ ਸੰਸਾਰ ਅੰਦਰ ਜੋ ਅਸੀਂ ਦੇਖ ਰਹੇ ਹਾਂ, ਉਹ ਕੋਈ ਪਰਾਇਆ ਨਹੀਂ ਬਲਕਿ ਸਾਡਾ ਹੀ ਭੈਣ-ਭਾਈ ਹੈ | ਉਨ੍ਹਾਂ ਕਿਹਾ ਕਿ ਬਾਣੀ ਸਾਨੂੰ ਨਿੱਜ ਨਾਲੋਂ ਤੋੜ ਕੇ ਇਨਸਾਨੀਅਤ ਨਾਲ ਜੋੜਦੀ ਹੈ | ਆਓ ਆਪਾਂ ਗੁਰੂ ਦੀ ਸੋਚ ਨੂੰ ਪ੍ਰਚਾਰੀਏ ਤਾਂ ਜੋ ਖੁਦ ਅਤੇ ਲੋਕਾਈ ਗੁਰੂ ਦੇ ਰਾਹਾਂ ਦੇ ਰਾਹੀ ਬਣ ਸਕੇ | ਇਸ ਮੌਕੇ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਸਮੁੱਚੀ ਬਾਣੀ ਰਾਗਾਂ ਦੇ ਅਧਾਰਿਤ ਰਚੀ ਗਈ ਹੈ ਅਤੇ ਸਬੰਧਿਤ ਰਾਗਾਂ ਦੇ ਆਧਾਰ 'ਤੇ ਕੀਰਤਨ ਕਰਨ ਨਾਲ ਇਕ ਵੱਖਰਾ ਹੀ ਅਨੰਦਮਈ ਮਾਹੌਲ ਸਿਰਜਦਾ ਹੈ | ਇਸ ਕਰਕੇ ਹੀ ਗੁਰੂ ਸਾਹਿਬਾਨਾਂ ਨੇ ਕਲਯੁੱਗ ਵਿਚ ਕੀਰਤਨ ਨੂੰ ਪ੍ਰਧਾਨਗੀ ਦਿੱਤੀ ਹੈ | ਉਨ੍ਹਾਂ ਕਿਹਾ ਕਿ ਗੁਰਬਾਣੀ ਦਾ ਸਹਿਜਤਾ ਨਾਲ ਪਾਠ ਤੇ ਕੀਰਤਨ ਕਰਨ ਨਾਲ ਗੁਰਬਾਣੀ ਦੇ ਅਰਥ ਆਸਾਨੀ ਨਾਲ ਸਮਝ ਆ ਜਾਂਦੇ ਹਨ |