ਚੰਡੀਗੜ੍ਹ, 25 ਸਤੰਬਰ- ਅੱਜ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਹਾਲਾਂਕਿ ਰਾਜ ਤੋਂ ਮੌਨਸੂਨ ਦੀ ਵਾਪਸੀ ਜਾਰੀ ਹੈ। ਰਾਜ ਭਰ ਵਿਚ ਵੱਧ ਤੋਂ ਵੱਧ ਤਾਪਮਾਨ 0.4 ਡਿਗਰੀ ਸੈਲਸੀਅਸ ਵਧਿਆ ਹੈ ਅਤੇ ਹੁਣ ਆਮ ਦੇ ਨੇੜੇ ਹੈ। ਬਠਿੰਡਾ ਵਿਚ ਸਭ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੰਜਾਬ ਅਤੇ ਚੰਡੀਗੜ੍ਹ ਤੋਂ ਮੌਨਸੂਨ ਦੀ ਵਾਪਸੀ ਜਾਰੀ ਹੈ। ਮੌਨਸੂਨ ਦੀ ਵਾਪਸੀ ਲਾਈਨ ਇਸ ਸਮੇਂ ਗੁਰਦਾਸਪੁਰ ਅਤੇ ਚੰਡੀਗੜ੍ਹ ਵਿਚੋਂ ਲੰਘ ਰਹੀ ਹੈ। ਨਤੀਜੇ ਵਜੋਂ ਮੀਂਹ ਘੱਟ ਰਹਿਣ ਦੀ ਉਮੀਦ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਮੌਸਮ ਜ਼ਿਆਦਾਤਰ ਖੁਸ਼ਕ ਰਹੇਗਾ। ਪੱਛਮੀ ਗੜਬੜ ਦਾ ਪੰਜਾਬ ਅਤੇ ਚੰਡੀਗੜ੍ਹ 'ਤੇ ਬਹੁਤਾ ਪ੍ਰਭਾਵ ਨਹੀਂ ਪਵੇਗਾ। ਇਸ ਹਫ਼ਤੇ ਪੰਜਾਬ ਭਰ ਵਿਚ ਖੁਸ਼ਕ ਮੌਸਮ ਦੀ ਉਮੀਦ ਹੈ ਤੇ ਮੀਂਹ ਦੀ ਸੰਭਾਵਨਾ ਘੱਟ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਫਤਿਹਗੜ੍ਹ ਸਾਹਿਬ, ਮੋਹਾਲੀ ਅਤੇ ਪਟਿਆਲਾ ਵਿਚ ਵੱਧ ਤੋਂ ਵੱਧ ਤਾਪਮਾਨ 32 ਤੋਂ 34 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ, ਜਦੋਂ ਕਿ ਬਾਕੀ ਰਾਜ ਵਿਚ 34 ਤੋਂ 36 ਡਿਗਰੀ ਸੈਲਸੀਅਸ ਹੋ ਸਕਦਾ ਹੈ।