ਰਾਏਕੋਟ, 22 ਜਨਵਰੀ (ਸੁਸ਼ੀਲ)-ਸਾਹਿਤ ਸਭਾ ਰਾਏਕੋਟ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਰਾਜਮਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਹੇਠ ਸਥਾਨਕ ਕਲਸੀ ਫਰਨੀਚਰ ਹਾਊਸ ਵਿਖੇ ਹੋਈ | ਜਿਸ ਵਿਚ ਸਭਾ ਦੇ ਮੈਂਬਰਾਂ ਵਲੋਂ ਵੱਧ ਚੜ੍ਹ ਕੇ ਭਾਗ ਲਿਆ ਗਿਆ | ਇਸ ਸਾਹਿਤਕ ਸ਼ਾਮ ਵਿਚ ਆਪੋ ਆਪਣੀਆਂ ਰਚਨਾਵਾਂ ਨਾਲ ਜਿੱਥੇ ਮਾਹੌਲ ਅਤੇ ਸਮੇਂ ਨੂੰ ਬੰਨਿ੍ਹਆ ਗਿਆ ਉੱਥੇ ਹੀ ਪੰਜਾਬੀ ਸਾਹਿਤ ਨੂੰ ਉੱਚਾ ਚੁੱਕਣ ਅਤੇ ਬੱਚਿਆਂ ਅੰਦਰ ਪੰਜਾਬੀ ਸਾਹਿਤ ਪ੍ਰਤੀ ਪ੍ਰੇਮ ਭਰਨ ਅਤੇ ਆ ਰਹੀਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਉਪਰਾਲੇ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਗਈ | ਸਾਹਿਤਕ ਸ਼ਾਮ ਦੇ ਵਿਚ ਸੋਮਾ ਕਲਸੀਆਂ ਵਲੋਂ 'ਪਰਦੇਸੀ ਦਾ ਸੁਪਨਾ' ਆਪਣੀ ਰਚਨਾ ਸੁਣਾਈ, ਜਗਦੇਵ ਸਿੰਘ ਕਲਸੀ ਦੀ ਰਚਨਾ 'ਸਮੇਂ ਦੀ ਕਦਰ' ਮਨਰਾਜ ਸ਼ਰਮਾ ਵਲੋਂ ਗਾਈ ਗਈ | ਰਣਜੀਤ ਸਿੰਘ ਰਾਏ ਨੇ ਮਿੰਨੀ ਕਹਾਣੀ ਬੋਲਾਂ ਦਾ ਜਾਦੂ ਸੁਣਾਈ | ਮਾ: ਪ੍ਰੀਤਮ ਸਿੰਘ ਬਰਮੀ ਵਲੋਂ ਭਾਰਤ ਮਾਂ ਗੀਤ ਗਾਇਆ ਗਿਆ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਹੋਕਾ ਬੂਟਾ ਸਿੰਘ ਹਰਦਾਸਪੁਰਾ ਵਲੋਂ ਆਪਣੇ ਸ਼ਬਦਾਂ ਦੇ ਨਾਲ ਲਗਾਕੇ ਰੰਗ ਬੰਨਿ੍ਹਆ | ਅਖ਼ੀਰ ਵਿਚ ਪ੍ਰਧਾਨ ਪਰਮਾਰ ਵਲੋਂ ਪਹੁੰਚੇ ਸਾਰੇ ਹੀ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਨਵੇਂ ਸਾਹਿਤ ਪ੍ਰੇਮੀਆਂ ਨੂੰ ਸਾਹਿਤ ਸਭਾ ਦਾ ਮੈਂਬਰ ਬਣਨ ਲਈ, ਸਾਹਿਤਕ ਮਿਲਣੀ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ | ਇਸ ਮੌਕੇ ਸਲਾਹਕਾਰ ਮਾਸਟਰ ਜਗਦੀਪ ਸਿੰਘ, ਦਰਬਾਰਾ ਸਿੰਘ ਦਰਸ਼ਕ, ਜਗਦੇਵ ਸਿੰਘ ਕਲਸੀ, ਖ਼ਜ਼ਾਨਚੀ ਰਣਜੀਤ ਸਿੰਘ ਰਾਏ, ਜਨਰਲ ਸੈਕਟਰੀ ਪ੍ਰੀਤਮ ਸਿੰਘ ਬਰ੍ਹਮੀ, ਸੋਮਾ ਕਲਸੀਆਂ ਆਦਿ ਹਾਜ਼ਰ ਸਨ |