ਪੱਸੀ ਕੰਢੀ, 7 ਮਈ (ਜਗਤਾਰ ਸਿੰਘ ਰਜਪਾਲਮਾ)-ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐੱਸ. ਐੱਮ.ਓ. ਡਾਕਟਰ ਰੋਹਿਤ ਬਰੂਟਾ ਪੀ.ਐੱਚ.ਸੀ. ਮੰਡ ਭੰਡੇਰ ਦੀ ਅਗਵਾਈ ਹੇਠ ਆਂਗਣਵਾੜੀ ਸੈਂਟਰ ਸੰਸਾਰਪੁਰ ਵਿਖੇ ਨਸ਼ਾ ਮੁਕਤੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ 'ਤੇ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਹਾਜ਼ਰ ਲੋਕਾਂ ਨੂੰ ਦੱਸਿਆ ਕਿ ਨਸ਼ਾ ਕਿਸੇ ਵੀ ਰੂਪ ਵਿਚ ਹੋਵੇ, ਉਹ ਬਹੁਤ ਨਿੰਦਣ ਯੋਗ ਹੈ | ਇਸ ਨਾਲ ਅਸੀਂ ਵਿਕਾਸ ਦੀ ਦੌੜ ਵਿਚ ਬਿਲਕੁਲ ਪਛੜ ਜਾਂਦੇ ਹਾਂ | ਨਸ਼ਾ ਕਰਨ ਵਾਲੇ ਦਾ ਹਸ਼ਰ ਬਹੁਤ ਮਾੜਾ ਹੁੰਦਾ ਹੈ | ਨਸ਼ਾ ਕਰਨ ਵਾਲੇ ਦਾ ਸਭ ਤੋਂ ਪਹਿਲਾਂ ਪ੍ਰਭਾਵ ਉਸ ਦੇ ਸਰੀਰ ਤੇ, ਮਨ ਤੇ ਫਿਰ ਪਰਿਵਾਰ ਤੇ ਪੈਂਦਾ ਹੈ ਤੇ ਹੋਲੀ - ਹੋਲੀ ਸਮਾਜ ਨੂੰ ਖੇਰੂੰ -ਖੇਰੂੰ ਕਰ ਦਿੰਦਾ ਹੈ | ਉਨ੍ਹਾਂ ਨਸ਼ਾ ਖੋਰੀ ਤੇ ਇਸ ਨਾਲ ਹੋਣ ਵਾਲੇ ਸਮਾਜਿਕ, ਸਰੀਰਕ, ਪਰਿਵਾਰਿਕ ਅਤੇ ਆਰਥਿਕ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ | ਲੋਕਾਂ ਨੂੰ ਦੱਸਿਆ ਗਿਆ ਕਿ ਨਸ਼ਾ ਇੱਕ ਮਿੱਠਾ ਜ਼ਹਿਰ ਹੈ ਜਿਸ ਨੂੰ ਮਨੁੱਖ ਸ਼ੋਕ ਨਾਲ ਲਾ ਤਾਂ ਲੈਂਦਾ ਹੈ ,ਪਰ ਜਦੋਂ ਇਸ ਦਾ ਆਦੀ ਹੋ ਜਾਂਦਾ ਹੈ, ਤਾਂ ਉਹ ਆਪਣੇ ਆਪ ਨੂੰ ਮੌਤ ਦੇ ਮੂੰਹ ਲੈ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਓ.ਓ.ਏ.ਟੀ ਕਲੀਨਿਕ (ਨਸ਼ਾ ਮੁਕਤੀ ਕੇਂਦਰ) ਖੋਲ੍ਹੇ ਗਏ ਹਨ | ਨਸ਼ਾ ਮੁਕਤੀ ਕੇਂਦਰ 'ਚ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ | ਇਸ ਸਮੇਂ ਲੋਕਾਂ ਨੂੰ ਦਸਤਾਂ ਤੋਂ ਬਚਾਅ ਲਈ ਓ.ਆਰ.ਐੱਸ ਅਤੇ ਜ਼ਿੰਕ ਦੀ ਵਰਤੋਂ ਕਰਨ ਸਬੰਧੀ ਜਾਣਕਾਰੀ ਦਿੱਤੀ | ਦਸਤਾਂ ਦੇ ਹਰ ਮਾਮਲੇ ਵਿਚ ਤੁਰੰਤ ਓ.ਆਰ.ਐੱਸ ਘੋਲ ਦੇਣਾ ਸ਼ੁਰੂ ਕਰੋ | ਓ. ਆਰ.ਐੱਸ. ਸਰੀਰ ਵਿਚ ਪਾਣੀ ਅਤੇ ਲੂਣ ਦੀ ਘਾਟ ਨੂੰ ਪੂਰਾ ਕਰਦਾ ਹੈ | ਛੇ ਮਹੀਨੇ ਦੇ ਛੋਟੇ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣਾ ਜਾਰੀ ਰੱਖੋ | ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ, ਸੀ.ਐੱਚ.ਓ. ਹਰਕੀਰਤ ਸਿੰਘ, ਕਮਲੇਸ਼ ਦੇਵੀ ਏ.ਐਨ.ਐਮ, ਸੰਜੀਵ ਕੁਮਾਰ ਪੰਚ, ਤੇਜ਼ ਕੌਰ ਪੰਚ, ਸਿਮਰੋ ਦੇਵੀ ਆਂਗਣਵਾੜੀ ਵਰਕਰ, ਸ਼ਾਰਦਾ ਦੇਵੀ, ਅਨੀਤਾ ਦੇਵੀ, ਨਿਰਮਲਾ ਦੇਵੀ ਸੁਨੀਤਾ ਦੇਵੀ, ਰੀਨਾ ਕੁਮਾਰੀ (ਸਾਰੇ ਆਸ਼ਾ ਵਰਕਰ) ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ |