ਮੁਕੇਰੀਆਂ, 7 ਮਈ (ਰਾਮਗੜ੍ਹੀਆ) - ਸ਼ਿਵ ਸੈਨਾ ਸਮਾਜਵਾਦੀ ਦੇ ਕੌਮੀ ਯੂਥ ਪ੍ਰਭਾਰੀ ਅਤੇ ਭਾਰਤੀ ਮਨੁੱਖੀ ਅਧਿਕਾਰ ਮਹਾ ਸੰਘ ਦੇ ਪੰਜਾਬ ਪ੍ਰਧਾਨ ਬੰਟੀ ਜੋਗੀ ਨੇ ਡੀ. ਐੱਸ. ਪੀ. ਮੁਕੇਰੀਆਂ ਨਛੱਤਰ ਸਿੰਘ ਨੂੰ ਭਗਵਾਨ ਭੋਲੇ ਨਾਥ ਦਾ ਸਰੂਪ ਭੇਟ ਕਰਕੇ ਅਤੇ ਉਨ੍ਹਾਂ ਦੇ ਗਲ ਵਿਚ ਭਗਵਾਂ ਸਿਰੋਪਾਉ ਪਾ ਗਏ ਉਨ੍ਹਾਂ ਦਾ ਸ਼ਹਿਰ ਮੁਕੇਰੀਆਂ ਵਿਚ ਆਉਣ 'ਤੇ ਭਰਵਾਂ ਸਵਾਗਤ ਕੀਤਾ | ਉਨ੍ਹਾਂ ਦੇ ਨਾਲ ਪੁਰਾਣੇ ਸ਼ਿਵ ਸੈਨਿਕ ਸੰਜੀਵ ਕੁਮਾਰ ਗੱਗੀ ਜ਼ਿਲ੍ਹਾ ਉਪ ਪ੍ਰਧਾਨ ਸੰਜੀਵ ਕੁਮਾਰ ਡੈਨੀ ਵਰਮਾ ਅਤੇ ਦਵਿੰਦਰ ਕੁਮਾਰ ਟੀਮ ਸਮੇਤ ਪਹੁੰਚੇ | ਬੰਟੀ ਜੋਗੀ ਨੇ ਡੀ.ਐੱਸ.ਪੀ ਮੁਕੇਰੀਆਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਿਸ ਤਰ੍ਹਾਂ ਅਸੀਂ ਪਹਿਲੇ ਪੁਲਿਸ ਅਧਿਕਾਰੀਆਂ ਦਾ ਨਸ਼ੇ ਨੂੰ ਖ਼ਤਮ ਕਰਨ ਲਈ ਸਾਥ ਦਿੱਤਾ ਹੈ ਉਸੇ ਹੀ ਤਰ੍ਹਾਂ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਰਹਾਂਗੇ ਅਤੇ ਨਸ਼ੇ ਨੂੰ ਜੜ ਤੋਂ ਖ਼ਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ | ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿਚ ਨਸ਼ੇ ਨੂੰ ਖ਼ਤਮ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਵਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਅਸੀਂ ਉਸ ਦਾ ਸਮਰਥਨ ਕਰਦੇ ਹਾਂ | ਬੰਟੀ ਜੋਗੀ ਨੇ ਡੀ. ਐਸ. ਪੀ. ਮੁਕੇਰੀਆਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸ਼ਹਿਰ ਦੇ ਵਿਚ ਟਰੈਫ਼ਿਕ ਲਾਈਟਾਂ ਉੱਪਰ ਪੁਲਿਸ ਪ੍ਰਸ਼ਾਸਨ ਦੀ ਚੌਕਸੀ ਵਧਾਈ ਜਾਵੇ ਛੋਟੀ ਉਮਰ ਦੇ ਬੱਚੇ ਅਤੇ ਬਿਨਾਂ ਹੈਲਮਟ ਤੋਂ ਵਹੀਕਲ ਅਤੇ ਟਰਿਪਲਿੰਗ ਵਾਲੇ ਅਤੇ ਬੁਲਟ ਦੇ ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਵਾਲਿਆਂ ਦੇ ਚਲਾਨ ਕੱਟੇ ਜਾਣ | ਉਨ੍ਹਾਂ ਕਿਹਾ ਕਿ ਬੀਤੇ ਦਿਨ ਜਲੰਧਰ ਸ਼ਹਿਰ ਦੇ ਵਿਚ ਇੱਕ ਸਕੂਟਰੀ ਵਿਚ ਬਹੁਤ ਜ਼ਬਰਦਸਤ ਵਿਸਫੋਟ ਹੋਇਆ ਜੋ ਦਿਲ ਨੂੰ ਦਹਿਲਾ ਦੇਣ ਵਾਲਾ ਸੀ ਅਤੇ ਉਸ ਤੋਂ ਬਾਅਦ ਇਹ ਲੋਕ ਬਿਨਾਂ ਨੰਬਰ ਪਲੇਟ ਵਾਲੀਆਂ ਚੀਜ਼ਾਂ ਅਤੇ ਬਿਨਾਂ ਕਾਗ਼ਜ਼ਾਂ ਵਾਲੀਆਂ ਚੀਜ਼ਾਂ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ ਕਿਰਪਾ ਕਰਕੇ ਇਨ੍ਹਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਅਤੇ ਇਸ ਦੇ ਵਿਚ ਕਿਸੇ ਦੀ ਵੀ ਸਿਫ਼ਾਰਿਸ਼ ਨਾ ਸੁਣੀ ਜਾਵੇ ਤਾਂ ਕਿ ਕੋਈ ਵੀ ਇਹੋ ਜਿਹੀ ਘਟਨਾ ਕਿਸੇ ਹੋਰ ਸ਼ਹਿਰ ਵਿਚ ਨਾ ਵਾਪਰ ਸਕੇ |