ਗੜ੍ਹਸ਼ੰਕਰ, 7 ਮਈ (ਧਾਲੀਵਾਲ)-ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਅਜੇ ਬਸਰਾ ਦੀ ਅਗਵਾਈ ਹੇਠ 'ਵਿਸ਼ਵ ਅਸਥਮਾ ਦਿਵਸ' ਮਨਾਇਆ | ਇਸ ਮੌਕੇ ਹਸਪਤਾਲ ਦੇ ਸਟਾਫ਼ ਤੇ ਨਰਸਿੰਗ ਵਿਦਿਆਰਥੀਆਂ ਵਲੋਂ ਲੋਕਾਂ ਨੂੰ ਅਸਥਮਾ (ਦਮਾ) ਦੀ ਬਿਮਾਰੀ, ਇਸ ਦੇ ਲੱਛਣਾਂ ਅਤੇ ਬਚਾਅ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੰਦਿਆਂ ਇਸ ਤੋਂ ਬਚਾਅ ਲਈ ਜਾਗਰੂਕ ਕੀਤਾ | ਇਸ ਮੌਕੇ ਡਾ. ਅਜੇ ਬਸਰਾ ਐੱਸ. ਐੱਮ. ਓ. ਨੇ ਕਿਹਾ ਕਿ ਅਸਥਮਾ ਫੇਫੜਿਆਂ ਦੀ ਇਕ ਗੰਭੀਰ ਬਿਮਾਰੀ ਹੈ, ਜਿਸ ਨਾਲ ਸਾਹ ਲੈਣ 'ਚ ਤਕਲੀਫ਼ ਹੁੰਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਡਾਕਟਰੀ ਸਲਾਹ ਲਈ ਜਾਵੇ ਅਤੇ ਸਹੀ ਇਲਾਜ ਕਰਵਾਇਆ ਜਾਵੇ ਤਾਂ ਇਸ ਬਿਮਾਰੀ ਨਾਲ ਪੀੜਤ ਵਿਅਕਤੀ ਵੀ ਇਕ ਆਮ ਤੇ ਸਿਹਤਮੰਦ ਜੀਵਨ ਬਤੀਤ ਕਰ ਸਕਦਾ ਹੈ | ਇਸ ਮੌਕੇ ਡਾ. ਅਮਿਤ ਨੇ ਹਾਜ਼ਰ ਲੋਕਾਂ ਤੇ ਮਰੀਜ਼ਾਂ ਨੂੰ ਦੱਸਿਆ ਕਿ ਧੂੜ-ਮਿੱਟੀ, ਪ੍ਰਦੂਸ਼ਣ ਤੇ ਸਿਗਰਟਨੋਸ਼ੀ ਤੋਂ ਬਚਾਅ ਰੱਖਣਾ ਅਸਥਮਾ ਦੇ ਮਰੀਜ਼ਾਂ ਲਈ ਬਹੁਤ ਜ਼ਰੂਰੀ ਹੈ | ਉਨ੍ਹਾਂ ਨਰਸਿੰਗ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਮ ਲੋਕਾਂ ਨੂੰ ਇਨਹੇਲਰ ਦੀ ਸਹੀ ਵਰਤੋਂ ਤੇ ਨਿਯਮਤ ਚੈੱਕਅਪ ਬਾਰੇ ਜਾਗਰੂਕ ਕਰਨ | ਇਸ ਮੌਕੇ ਨਰਸਿੰਗ ਵਿਦਿਆਰਥੀਆਂ ਵਲੋਂ ਚਾਰਟਾਂ ਤੇ ਸਲੋਗਨਾਂ ਰਾਹੀਂ ਬਿਮਾਰੀ ਦੇ ਕਾਰਨਾਂ ਅਤੇ ਸਾਵਧਾਨੀਆਂ ਰਾਹੀਂ ਜਾਗਰੂਕ ਕੀਤਾ | ਇਸ ਮੌਕੇ ਹਸਪਤਾਲ ਸਟਾਫ਼, ਨਰਸਿੰਗ ਵਿਦਿਆਰਥੀ, ਮਰੀਜ਼ ਤੇ ਵਿਦਿਆਰਥੀ ਹਾਜ਼ਰ ਸਨ |