ਮੁਕੇਰੀਆਂ, 7 ਮਈ (ਰਾਮਗੜ੍ਹੀਆ)-ਐਸ. ਪੀ. ਐਨ. ਕਾਲਜ ਮੁਕੇਰੀਆਂ ਨੇ ਇਕ ਵਾਰ ਫਿਰ ਅਕਾਦਮਿਕ ਖੇਤਰ 'ਚ ਆਪਣੀ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ | ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਬੀ. ਸੀ. ਏ. ਪਹਿਲੇ ਸਮੈਸਟਰ ਦੇ ਨਤੀਜਿਆਂ 'ਚ ਕਾਲਜ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ 9.17 ਜੀ. ਜੀ. ਪੀ. ਏ. ਨਾਲ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਕਾਲਜ ਵਿਦਿਆਰਥਣ ਦੀ ਇਸ ਪ੍ਰਾਪਤੀ ਨੇ ਨਾ ਸਿਰਫ਼ ਸੰਸਥਾ ਨੂੰ ਸਗੋਂ ਪੂਰੇ ਖੇਤਰ ਨੂੰ ਖ਼ੁਸ਼ੀ ਦਿੱਤੀ ਹੈ | ਪ੍ਰਭਜੋਤ ਕੌਰ ਦੀ ਸਫਲਤਾ ਦਾ ਸਿਹਰਾ ਉਸ ਦੀ ਸਖ਼ਤ ਮਿਹਨਤ ਤੇ ਉਸ ਦੇ ਅਧਿਆਪਕਾਂ ਦੇ ਸਹੀ ਮਾਰਗ ਦਰਸ਼ਨ ਦੇ ਸਿਰ ਜਾਂਦਾ ਹੈ | ਇਸੇ ਪ੍ਰੀਖਿਆ 'ਚ ਅੰਕਿਤਾ ਗਲੋਰੀਆ ਨੇ 8.79 ਦੇ ਜੀ. ਜੀ. ਪੀ. ਏ. ਨਾਲ ਕਾਲਜ 'ਚ ਦੂਜਾ ਸਥਾਨ ਜਦਕਿ ਅੰਜਲੀ ਨੇ 8.21 ਦੇ ਜੀ. ਜੀ. ਪੀ. ਏ. ਨਾਲ ਕ੍ਰਮਵਾਰ ਤੀਜਾ ਸਥਾਨ ਪ੍ਰਾਪਤ ਕੀਤਾ | ਕਾਲਜ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪ੍ਰਾਪਤੀ ਉਨ੍ਹਾਂ ਦੇ ਸਮਰਪਣ ਤੇ ਅਨੁਸ਼ਾਸਨ ਦਾ ਪ੍ਰਮਾਣ ਹੈ | ਉਨ੍ਹਾਂ ਨੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਬੀ. ਸੀ. ਏ. ਵਿਭਾਗ ਦੇ ਮੁਖੀ ਪੰਕਜ ਸ਼ਰੀਨ ਤੇ ਸਟਾਫ਼ ਮੈਂਬਰਾਂ ਪ੍ਰੋਫੈਸਰ ਸੁਮਨ, ਮੈਡਮ ਪ੍ਰਭਜੋਤ ਕੌਰ, ਮੈਡਮ ਪੂਜਾ ਸ਼ਰਮਾ ਤੇ ਪ੍ਰੋਫੈਸਰ ਪਰਵੀਨ ਸ਼ਰਮਾ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਿਰੰਤਰ ਯਤਨਾਂ ਅਤੇ ਅਣਥੱਕ ਮਿਹਨਤ ਨਾਲ ਵਿਦਿਆਰਥੀ ਹਰ ਮੁਸ਼ਕਿਲ ਮੰਜ਼ਿਲ ਨੂੰ ਪ੍ਰਾਪਤ ਕਰ ਸਕਦੇ ਹਨ | ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਤੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਵੀ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਇਸ ਸਫਲਤਾ ਦਾ ਸਿਹਰਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੇ ਮਾਰਗ ਦਰਸ਼ਨ ਤੇ ਮਾਪਿਆਂ ਦੇ ਸਹਿਯੋਗ ਨੂੰ ਦਿੱਤਾ | ਇਹ ਪ੍ਰਾਪਤੀ ਸਵਾਮੀ ਪ੍ਰੇਮਾਨੰਦ ਕਾਲਜ ਲਈ ਮਾਣ ਵਾਲੀ ਗੱਲ ਹੈ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਸ਼ਾਨਦਾਰ ਨਤੀਜਿਆਂ ਦੀ ਉਮੀਦ ਹੈ |