ਦਸੂਹਾ, 7 ਮਈ (ਭੁੱਲਰ)-ਕੇ. ਐਮ. ਐਸ. ਕਾਲਜ ਆਫ਼ ਆਈ. ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਾਲੋਨੀ ਦਸੂਹਾ ਵਿਖੇ ਮਾਤਾ ਸਰਸਵਤੀ ਦਾ 6ਵਾਂ ਮੂਰਤੀ ਸਥਾਪਨਾ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਕਾਲਜ ਦੇ ਸ੍ਰੀ ਵਿਵੇਕਾਨੰਦ ਐਡਮਿਨ ਬਲਾਕ ਵਿਚ ਵਿੱਦਿਆ ਦੀ ਦੇਵੀ ਮਾਤਾ ਸਰਸਵਤੀ ਦੀ ਵਿਧੀਵਤ ਪੂਜਾ, ਆਰਤੀ, ਸਤਿਸੰਗ ਅਤੇ ਕੀਰਤਨ ਦਾ ਆਯੋਜਨ ਕੀਤਾ | ਧਾਰਮਿਕ ਸਮਾਗਮ 'ਚ ਸ਼ੇਰਾਂ ਵਾਲੀ ਕੁਟੀਆ ਕੈਂਥਾਂ, ਦਸੂਹਾ ਤੋਂ ਸੰਗਤ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਅਤੇ ਬੀਬੀਆਂ ਵਲੋਂ ਕੀਰਤਨ ਕਰਕੇ ਸਮੂਹ ਸੰਗਤ ਨੂੰ ਨਿਹਾਲ ਕੀਤਾ | ਇਸ ਦੇ ਨਾਲ ਹੀ ਕਾਲਜ ਦੇ ਵਿਦਿਆਰਥੀਆਂ ਵਲੋਂ ਵੀ ਭਗਤੀਮਈ ਕੀਰਤਨ ਪੇਸ਼ ਕੀਤਾ | ਇਸ ਮੌਕੇ ਚੇਅਰਮੈਨ ਚੌਧਰੀ ਕੁਮਾਰ ਸੈਣੀ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਮਾਤਾ ਸਰਸਵਤੀ ਦੀ ਕਿਰਪਾ ਨਾਲ ਮਨੁੱਖ ਨੂੰ ਸਹੀ ਗਿਆਨ ਅਤੇ ਸੂਝਬੂਝ ਪ੍ਰਾਪਤ ਹੁੰਦੀ ਹੈ, ਜੋ ਉਸ ਦੇ ਜੀਵਨ ਨੂੰ ਸਫਲਤਾ ਦੀਆਂ ਉਚਾਈਆਂ ਤੱਕ ਲੈ ਜਾਂਦੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਸਦਾ ਗਿਆਨ ਪ੍ਰਾਪਤੀ ਵੱਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਡਾਇਰੈਕਟਰ ਡਾ. ਮਾਨਵ ਸੈਣੀ ਨੇ ਕਿਹਾ ਕਿ ਮਾਤਾ ਸਰਸਵਤੀ ਗਿਆਨ, ਵਿੱਦਿਆ ਅਤੇ ਸੰਗੀਤ ਦੇ ਪ੍ਰੇਰਨਾ ਸਰੋਤ ਹਨ | ਉਨ੍ਹਾਂ ਦੱਸਿਆ ਕਿ ਕੇ. ਐਮ. ਐਸ. ਕਾਲਜ ਵਿਖੇ ਸਾਲ 2021 'ਚ ਮਾਤਾ ਸਰਸਵਤੀ ਦੀ ਮੂਰਤੀ ਸਥਾਪਨਾ ਨਾਲ ਵਿਦਿਆਰਥੀਆਂ ਅਤੇ ਸਟਾਫ਼ ਲਈ ਇੱਕ ਅਧਿਆਤਮਿਕ ਅਤੇ ਪ੍ਰੇਰਣਾਦਾਇਕ ਮਾਹੌਲ ਤਿਆਰ ਹੋਇਆ ਹੈ | ਉਨ੍ਹਾਂ ਕਿਹਾ ਕਿ ਇਸ ਬਲਾਕ 'ਚ ਆਉਣ ਵਾਲਾ ਹਰ ਵਿਦਿਆਰਥੀ ਅਤੇ ਸਟਾਫ਼ ਮੈਂਬਰ ਮਾਤਾ ਸਰਸਵਤੀ ਦੀ ਉਪਾਸਨਾ ਕਰਕੇ ਵਿੱਦਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਹੁੰਦਾ ਹੈ | ਇਸ ਮੌਕੇ ਡਾ. ਦਿਲਬਾਗ ਸਿੰਘ ਹੁੰਦਲ, ਡੀਨ ਅਕਾਦਮਿਕ ਡਾ. ਰਾਜੇਸ਼ ਕੁਮਾਰ, ਓਸ ਸੈਣੀ, ਅਰਾਹਾ, ਇਨਾਇਤ ਕੌਰ, ਮਮਤਾ ਚੌਧਰੀ, ਸਾਹਿਲ ਖੁੱਲਰ, ਹਰਮਨਦੀਪ ਸਿੰਘ, ਬਲਜੀਤ ਸਿੰਘ, ਅਰਸ਼, ਰਾਜਪ੍ਰੀਤ, ਹਿਮਾਂਸ਼ੂ, ਕਾਮਿਨੀ ਦੇਵੀ, ਦਾਮਿਨੀ ਦੇਵੀ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |