26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

'ਰਸੋਈ' ਰੈਸਟੋਰੈਂਟ ਦੇ ਮਾਲਕ ਨੂੰ 5 ਹਜ਼ਾਰ ਜੁਰਮਾਨਾ ਤੇ ਬਿੱਲ ਦੀ ਅਦਾਇਗੀ ਕਰਨ ਦੇ ਹੁਕਮ

ਅਜੀਤ ਡੈਸਕ 30-01-2026
ਹੁਸ਼ਿਆਰਪੁਰ, 29 ਜਨਵਰੀ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਕੰਜ਼ਿਊਮਰ ਡਿਸਪਿਊਟਸ ਰਿਡਰੈਸਲ ਕਮਿਸ਼ਨ ਹੁਸ਼ਿਆਰਪੁਰ ਵਲੋਂ ਇਕ ਰੈਸਟੋਰੈਂਟ 'ਚ ਖਾਣੇ ਦੌਰਾਨ ਨਿਕਲੇ ਕਾਕਰੋਚ ਵਾਲੇ ਮਾਮਲੇ ਦੀ ਸੁਣਵਾਈ ਉਪਰੰਤ ਰੈਸਟੋਰੈਂਟ ਦੇ ਮਾਲਕ ਨੂੰ 5000 ਰੁਪਏ ਜੁਰਮਾਨਾ ਅਤੇ ਖਾਣੇ ਦਾ ਬਿੱਲ (2328 ਰੁਪਏ) ਸ਼ਿਕਾਇਤ ਕਰਤਾ ਨੂੰ ਅਦਾ ਕਰਨ ਦੇ ਹੁਕਮ ਸੁਣਾਏ | ਹੁਕਮਾਂ ਅਨੁਸਾਰ ਜੇਕਰ ਉਕਤ ਰਕਮ 45 ਦਿਨਾਂ ਦੇ ਅੰਦਰ-ਅੰਦਰ ਨਾ ਅਦਾ ਕੀਤੀ ਗਈ ਤਾਂ 7 ਫ਼ੀਸਦੀ ਵਿਆਜ ਸਮੇਤ ਅਦਾ ਕਰਨੀ ਹੋਵੇਗੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਜਤਿੰਦਰ ਸਿੰਘ ਨੇ ਦੱਸਿਆ ਕਿ ਐਡਵੋਕੇਟ ਮਨਿੰਦਰ ਕੌਰ ਆਪਣੇ ਪਰਿਵਾਰ ਸਮੇਤ 15 ਨਵੰਬਰ 2024 ਨੂੰ ਹੁਸ਼ਿਆਰਪੁਰ ਦੇ ਮਾਡਲ ਟਾਊਨ 'ਚ ਸਥਿਤ 'ਰਸੋਈ' ਰੈਸਟੋਰੈਂਟ 'ਚ ਖਾਣਾ ਖਾਣ ਲਈ ਗਏ ਸਨ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਖਾਣੇ 'ਚੋਂ ਕਾਕਰੋਚ ਨਿਕਲਿਆ, ਜਿਸ ਸੰਬੰਧੀ ਉਨ੍ਹਾਂ ਤੁਰੰਤ ਰੈਸਟੋਰੈਂਟ ਦੇ ਮਾਲਕ ਨੂੰ ਇਸ ਦੀ ਸ਼ਿਕਾਇਤ ਕੀਤੀ ਸੀ, ਪ੍ਰੰਤੂ ਉਨ੍ਹਾਂ ਵਲੋਂ ਇਸ ਸੰਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ | ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਐਡਵੋਕੇਟ ਮਨਿੰਦਰ ਕੌਰ ਵਲੋਂ ਇਕ ਕਾਨੂੰਨੀ ਨੋਟਿਸ ਉਕਤ ਰੈਸਟੋਰੈਂਟ ਦੇ ਮਾਲਕ ਨੂੰ ਭੇਜਿਆ ਗਿਆ ਸੀ, ਪ੍ਰੰਤੂ ਉਨ੍ਹਾਂ ਕੋਈ ਵੀ ਜਵਾਬ ਨਹੀਂ ਦਿੱਤਾ | ਇਸ ਤੋਂ ਬਾਅਦ ਉਨ੍ਹਾਂ ਜ਼ਿਲ੍ਹਾ ਕੰਜ਼ਿਊਮਰ ਡਿਸਪਿਉਟਸ ਰਿਡਰੈਸਲ ਕਮਿਸ਼ਨ ਹੁਸ਼ਿਆਰਪੁਰ ਕੋਲ ਸ਼ਿਕਾਇਤ ਦਰਜ ਕਰਵਾਈ | ਉਕਤ ਰੈਸਟੋਰੈਂਟ ਦੇ ਮਾਲਕ ਆਪਣਾ ਪੱਖ ਰੱਖਣ ਲਈ ਕਮਿਸ਼ਨ 'ਚ ਪੇਸ਼ ਨਹੀਂ ਹੋਏ | ਇਸ ਸਾਰੇ ਮਾਮਲੇ ਦੀ ਸੁਣਵਾਈ ਕਰਦਿਆਂ ਕਮਿਸ਼ਨ ਦੇ ਪ੍ਰਧਾਨ ਨਵੀਨ ਪੁਰੀ, ਮੈਂਬਰ ਪ੍ਰੇਮ ਸਿੰਘ ਸਲਾਰੀਆ ਅਤੇ ਹਰਬਿਮਲ ਡੋਗਰਾ ਨੇ ਉਕਤ ਰੈਸਟੋਰੈਂਟ ਦੇ ਮਾਲਕ ਨੂੰ 5000 ਰੁਪਏ ਜੁਰਮਾਨਾ ਅਤੇ ਖਾਣੇ ਦਾ 2328 ਰੁਪਏ ਦਾ ਬਿੱਲ 45 ਦਿਨਾਂ ਦੇ ਅੰਦਰ-ਅੰਦਰ ਵਾਪਸ ਕਰਨ ਦੇ ਹੁਕਮ ਸੁਣਾਏ |
ਪਿਛਲੀ ਖ਼ਬਰ ਸੇਂਟ ਸੋਲਜਰ ਸਕੂਲ 'ਚ ਬਾਲੜੀ ਦਿਵਸ ਮਨਾਇਆ ਅਗਲੀ ਖ਼ਬਰ ਖੁਰਾਲਗੜ੍ਹ ਸਾਹਿਬ ਨੂੰ ਵਿਕਸਤ ਕਰਨ ਲਈ ਨਿਮਿਸ਼ਾ ਮਹਿਤਾ ਵਲੋਂ ਕੇਂਦਰੀ ਮੰਤਰੀ ਸ਼ੇਖਾਵਤ ਨੂੰ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।