ਗੜ੍ਹਸ਼ੰਕਰ, 29 ਜਨਵਰੀ (ਧਾਲੀਵਾਲ)-ਗੜ੍ਹਸ਼ੰਕਰ ਤੋਂ ਭਾਜਪਾ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਭਾਰਤ ਦੇ ਕੇਂਦਰੀ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਦੇ ਹੋਏ ਭਾਰਤ ਸਰਕਾਰ ਤੋਂ ਗੁਰੂ ਰਵਿਦਾਸ ਜੀ ਦੇ 650ਵਾਂ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਉਣ ਅਤੇ ਸ੍ਰੀ ਖੁਰਾਲਗੜ੍ਹ ਸਾਹਿਬ ਅਤੇ ਸ੍ਰੀ ਚਰਨਛੋਹ ਗੰਗਾ ਤੀਰਥ ਅਸਥਾਨ ਨੂੰ ਬਿਹਤਰੀਨ ਤਰੀਕੇ ਨਾਲ ਵਿਕਸਿਤ ਕਰਨ ਦੀ ਮੰਗ ਰੱਖੀ | ਨਿਮਿਸ਼ਾ ਮਹਿਤਾ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਇਕੋ-ਇਕ ਉਹ ਤੀਰਥ ਅਸਥਾਨ ਹੈ ਜਿੱਥੇ ਪੰਜਾਬ ਦੀ ਧਰਤੀ 'ਤੇ ਗੁਰੂ ਰਵਿਦਾਸ ਜੀ ਨੇ 4 ਸਾਲ ਤੋਂ ਵੱਧ ਤਪੱਸਿਆ ਕੀਤੀ ਅਤੇ ਇੱਥੇ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਲੋਕ ਮੱਥਾ ਟੇਕਣ ਆਉਂਦੇ ਹਨ | ਪਿੰਡ ਬਸੀ ਅਤੇ ਖੁਰਾਲੀ ਜਿੱਥੇ ਸ੍ਰੀ ਚਰਨਛੋਹ ਗੰਗਾ ਅਤੇ ਸ੍ਰੀ ਖੁਰਾਲਗੜ੍ਹ ਸਾਹਿਬ ਸਥਿਤ ਹਨ, ਇਨ੍ਹਾਂ ਦੋਵੇਂ ਪਿੰਡਾਂ ਨੂੰ ਹੈਰੀਟੇਜ ਵਿਲੇਜ ਵਲੋਂ ਭਾਰਤ ਸਰਕਾਰ ਵਿਕਸਤ ਕਰੇ ਅਤੇ ਭਾਰਤ ਸਰਕਾਰ ਦੀ ਪ੍ਰਸਾਦ ਸਕੀਮ ਤਹਿਤ ਜੋ ਵੀ ਕੰਮ ਇਨ੍ਹਾਂ ਥਾਵਾਂ ਨੂੰ ਵਿਕਸਤ ਕਰਨ ਲਈ ਕੀਤੇ ਜਾ ਸਕਦੇ ਹਨ, ਉਹ ਜ਼ਰੂਰ ਕੀਤੇ ਜਾਣ | ਉਨ੍ਹਾਂ ਮੰਗ ਰੱਖੀ ਕਿ ਇਨ੍ਹਾਂ ਸਥਾਨਾਂ ਦੀ ਧਾਰਮਿਕ ਮਹੱਤਤਾ ਨੂੰ ਵੇਖਦੇ ਹੋਏ ਇਸ ਜਗ੍ਹਾ ਨੂੰ ਸੁੰਦਰ ਬਣਾਉਣ ਲਈ ਵੱਡੇ ਗੇਟ ਇਨ੍ਹਾਂ ਸਥਾਨਾਂ ਨੂੰ ਆਉਣ ਵਾਲੇ ਮਾਰਗਾਂ 'ਤੇ ਵੀ ਬਣਵਾਏ ਜਾਣ | ਨਿਮਿਸ਼ਾ ਮਹਿਤਾ ਨੇ ਕੇਂਦਰੀ ਮੰਤਰੀ ਦੇ ਇਹ ਵੀ ਧਿਆਨ ਵਿਚ ਲਿਆਂਦਾ ਕਿ ਇਸ ਤੀਰਥ ਅਸਥਾਨ ਨੂੰ ਜਾਣ ਵਾਲਾ ਰਸਤਾ ਬੇਹੱਦ ਅਸੁਰੱਖਿਅਤ ਹੈ ਅਤੇ ਘੱਟ ਚੌੜਾ, ਟੁੱਟਾ ਹੋਇਆ ਵੀ ਹੈ | ਇਹ ਰਸਤਾ ਖ਼ਰਾਬ ਅਤੇ ਪਹਾੜੀ ਇਲਾਕੇ ਵਿਚ ਹੋਣ ਕਾਰਨ ਇੱਥੇ ਹਰ ਸਾਲ ਭਿਆਨਕ ਹਾਦਸੇ ਵਾਪਰਦੇ ਹਨ | ਉਨ੍ਹਾਂ ਕਿਹਾ ਕਿ ਹਰ ਸਾਲ ਇੱਥੇ ਲੱਖਾਂ ਦੀ ਗਿਣਤੀ ਵਿਚ ਸੰਗਤ ਨਤਮਸਤਕ ਹੋਣ ਲਈ ਆਉਂਦੀ ਹੈ ਅਤੇ ਅਗਲੇ ਸਾਲ ਆਉਣ ਵਾਲੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਨਿਸ਼ਚਿਤ ਤੌਰ 'ਤੇ ਸ਼ਰਧਾਲੂਆਂ ਦੀ ਗਿਣਤੀ ਕਈ ਗੁਣਾ ਵਧੇਗੀ, ਜਿਸ ਲਈ ਪੰਜਾਬ ਸਰਕਾਰ ਨਾਲ ਤਾਲਮੇਲ ਕਰਕੇ ਇਸ ਸੜਕ ਦਾ ਨਿਰਮਾਣ ਕਰਵਾਇਆ ਜਾਵੇ | ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵਲੋਂ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਉਣ ਤੇ ਹੋਰ ਮੰਗਾਂ 'ਤੇ ਕਾਰਵਾਈ ਦਾ ਭਰੋਸਾ ਦਿੱਤਾ |