ਦਸੂਹਾ, 29 ਜਨਵਰੀ (ਭੁੱਲਰ)-ਬੀਤੀ ਰਾਤ ਸਰਕਾਰੀ ਐਲੀਮੈਂਟਰੀ ਸਕੂਲ ਭੱਟੀਆਂ ਵਿਖੇ ਅਣਪਛਾਤੇ ਚੋਰਾਂ ਵਲੋਂ ਚੋਰੀ ਕਰ ਲਈ ਗਈ | ਸਕੂਲ ਦੀ ਇੰਚਾਰਜ ਰੁਪਿੰਦਰ ਕੌਰ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਨੇ ਸਕੂਲ ਦੇ ਸਾਰੇ ਕਮਰਿਆਂ ਦੇ ਤਾਲੇ ਤੋੜ ਕੇ ਆਂਗਣਵਾੜੀ ਸੈਂਟਰ ਦੇ 2 ਸਿਲੰਡਰ ਅਤੇ ਮਿਡ-ਡੇ-ਮੀਲ ਦਾ ਸਾਰਾ ਰਾਸ਼ਨ ਅਤੇ ਹੋਰ ਸਾਮਾਨ ਚੋਰੀ ਕਰ ਲਿਆ | ਉਨ੍ਹਾਂ ਦੱਸਿਆ ਕਿ ਅਣਪਛਾਤੇ ਚੋਰਾਂ ਨੇ ਦਰਵਾਜ਼ਿਆਂ ਦੀਆਂ ਕੰਧਾਂ ਦੀ ਵੀ ਭੰਨਤੋੜ ਕੀਤੀ ਅਤੇ ਦਫ਼ਤਰ ਵਾਲੇ ਕਮਰੇ ਦੀ ਖਿੜਕੀ ਦੀ ਕੰਧ ਵਿਚ ਪਾੜ ਪਾ ਦਿੱਤਾ ਤੇ ਅੰਦਰ ਪਿਆ ਸਾਮਾਨ ਚੋਰੀ ਕਰ ਲਿਆ | ਉਨ੍ਹਾਂ ਦੱਸਿਆ ਕਿ ਚੋਰਾਂ ਨੇ ਅੰਦਰ ਪਈ ਅਲਮਾਰੀ ਵੀ ਤੋੜ ਦਿੱਤੀ ਅਤੇ ਉਸ ਵਿਚ ਬੁਰੀ ਤਰ੍ਹਾਂ ਨਾਲ ਫਰੋਲਾ-ਫਰੋਲੀ ਕੀਤੀ ਅਤੇ ਕਾਫ਼ੀ ਸਾਮਾਨ ਗ਼ਾਇਬ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਇਸ ਮੌਕੇ ਸਰਪੰਚ ਸੁਨੀਤਾ ਦੇਵੀ, ਇੰਸਟਰਕਟਰ ਹਰਵਿੰਦਰ ਕੌਰ, ਸੁਖਵਿੰਦਰ ਕੌਰ ਏ.ਡਬਲਯੂ.ਐੱਚ., ਸਿਮਰਜੀਤ ਕੌਰ, ਏ.ਡਬਲਯੂ.ਐੱਚ., ਕੁਲਦੀਪ ਸਿੰਘ, ਸਤਿੰਦਰ ਸਿੰਘ, ਗੁਰਦੀਪ ਸਿੰਘ ਆਦਿ ਨੇ ਉਕਤ ਚੋਰੀ ਦੀ ਨਿਖੇਧੀ ਕੀਤੀ ਅਤੇ ਚੋਰਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ | ਜ਼ਿਕਰਯੋਗ ਹੈ ਕਿ ਪਿਛਲੇ ਸਮਿਆਂ ਦੌਰਾਨ ਸਕੂਲ ਵਿਚ ਲਗਭਗ 19 ਵਾਰ ਅਣਪਛਾਤੇ ਚੋਰਾਂ ਵਲੋਂ ਚੋਰੀ ਕੀਤੀ ਜਾ ਚੁੱਕੀ ਹੈ ਜਦ ਕਿ ਚੋਰੀ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ |