ਨਸਰਾਲਾ, 22 ਜਨਵਰੀ (ਸਤਵੰਤ ਸਿੰਘ ਥਿਆੜਾ)-ਟੈਕਨੀਕਲ ਸਰਵਿਸਿਜ਼ ਯੂਨੀਅਨ ਦਾ 43ਵਾਂ ਸੂਬਾਈ ਇਜਲਾਸ ਜਥੇਬੰਦੀ ਦੇ ਸੂਬਾ ਪ੍ਰਧਾਨ ਰਤਨ ਸਿੰਘ ਮਜਾਰੀ ਵਲੋਂ ਜਥੇਬੰਦੀ ਦਾ ਝੰਡਾ ਲਹਿਰਾਉਣ ਨਾਲ ਆਰੰਭ ਹੋਇਆ | ਇਸ ਇਜਲਾਸ 'ਚ ਪਿਛਲੇ ਇਜਲਾਸ 16 ਜਨਵਰੀ ਤੱਕ ਦੀ ਜਥੇਬੰਦਕ ਸਰਗਰਮੀਆਂ ਦੀ ਰਿਪੋਰਟ ਜਥੇਬੰਦੀ ਦੇ ਜਰਨਲ ਸਕੱਤਰ ਕੁਲਵਿੰਦਰ ਸਿੰਘ ਢਿੱਲੋਂ ਵਲੋਂ ਪੇਸ਼ ਕੀਤੀ ਗਈ | ਵਿੱਤ ਰਿਪੋਰਟ ਵਿੱਚ ਸਕੱਤਰ ਲਖਵਿੰਦਰ ਸਿੰਘ ਵਲੋਂ ਹਾਊਸ ਸਾਹਮਣੇ ਰੱਖੀ ਗਈ | ਦੋਵਾਂ ਰਿਪੋਰਟਾਂ ਉੱਪਰ ਪੰਜਾਬ ਭਰ ਤੋਂ ਆਏ 650 ਡੈਲੀਗੇਟਾਂ 'ਚੋਂ 40 ਡੈਲੀਗੇਟਾਂ ਨੇ ਦੇਰ ਰਾਤ ਤੱਕ ਬਹਿਸ ਵਿੱਚ ਹਿੱਸਾ ਲਿਆ ਅਤੇ ਜਥੇਬੰਧਕ ਰਿਪੋਰਟ ਕੁੱਝ ਵਾਧਿਆਂ ਨਾਲ ਸਰਬਸੰਮਤੀ ਨਾਲ ਪ੍ਰਵਾਨ ਕੀਤੀ ਗਈ | ਇਜਲਾਸ 'ਚ ਬਿਜਲੀ ਕਾਮਿਆਂ ਦੀਆਂ ਮੰਗਾਂ ਅਤੇ ਬਿਜਲੀ ਸੋਧ ਬਿੱਲ 2025 ਵਿਰੱੁਧ ਜ਼ੋਰਦਾਰ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ | ਡੈਲੀਗੇਟ ਇਜਲਾਸ ਵਿੱਚ ਜਨਤਕ ਬਿਜਲੀ ਖੇਤਰ ਉੱਪਰ ਨਿੱਜੀਕਰਨ ਦੇ ਹਮਲਿਆਂ ਵਿਰੁੱਧ, ਪੁਰਾਣੀ ਪੈਨਸ਼ਨ ਬਹਾਲ ਕਰਨ, ਕਰਮਚਾਰੀਆਂ ਦੇ ਮਸਲੇ ਹੱਲ ਨਾ ਕਰਨ ਵਿਰੁੱਧ, ਬਿਜਲੀ ਸੋਧ ਬਿਲ 2025 ਵਾਪਸ ਲੈਣ, 29 ਲੇਬਰ ਕੋਡਾਂ ਦੀ ਥਾਂ ਚਾਰ ਲੇਬਰ ਕੋਡਾ ਨੂੰ ਲਾਗੂ ਕਰਨ ਵਿਰੱੁਧ, ਪੰਜਾਬ ਅੰਦਰ ਨਸ਼ਿਆਂ ਨੂੰ ਖ਼ਤਮ ਕਰਨ ਵਿਰੁੱਧ, ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ਾਂ ਦੀ ਹਿਮਾਇਤ ਸਬੰਧੀ ਮਤੇ ਕ੍ਰਮਵਾਰ ਸੂਬਾਈ ਆਗੂਆਂ ਸਰਬਜੀਤ ਸਿੰਘ ਭਾਣਾ, ਜਸਵਿੰਦਰ ਸਿੰਘ, ਬਰਜਿੰਦਰ ਸ਼ਰਮਾ, ਰਘਵੀਰ ਸਿੰਘ ਰਾਮਗੜ੍ਹ, ਲਖਵੰਤ ਸਿੰਘ ਦਿਓਲ, ਵਿਜੇ ਕੁਮਾਰ ਵਰਮਾ ਅਤੇ ਹਰੀ ਕ੍ਰਿਸ਼ਨ ਵੱਲੋਂ ਇਜਲਾਸ ਵਿੱਚ ਪੇਸ਼ ਅਤੇ ਪਾਸ ਕਰਵਾਏ ਗਏ | ਇਜਲਾਸ 'ਚ ਅਗਲੇ ਕਾਰਜਕਾਲ ਲਈ ਕੁਲਵਿੰਦਰ ਸਿੰਘ ਢਿੱਲੋਂ ਸੂਬਾ ਪ੍ਰਧਾਨ, ਨਿਰਮਲ ਸਿੰਘ ਸਹਿਜੋਵਾਲ ਜਰਨਲ ਸਕੱਤਰ, ਸਰਬਜੀਤ ਸਿੰਘ ਭਾਣਾ ਸੀਨੀਅਰ ਮੀਤ ਪ੍ਰਧਾਨ, ਰਘਵੀਰ ਸਿੰਘ ਰਾਮਗੜ੍ਹ ਮੀਤ ਪ੍ਰਧਾਨ, ਬਰਜਿੰਦਰ ਸ਼ਰਮਾ ਮੀਤ ਪ੍ਰਧਾਨ, ਸੇਵਕ ਸਿੰਘ ਮੋਗਾ ਮੀਤ ਪ੍ਰਧਾਨ, ਲਖਵੰਤ ਸਿੰਘ ਦਿਓਲ ਸਕੱਤਰ, ਨਛੱਤਰ ਸਿੰਘ ਮਾਨ ਸਕੱਤਰ, ਨਿਰਮਲ ਕੁਮਾਰ ਸਕੱਤਰ, ਨਿਰਮਲ ਸਿੰਘ ਨੱਢਾ ਦਫ਼ਤਰੀ ਸਕੱਤਰ, ਪ੍ਰਦੀਪ ਕੁਮਾਰ ਵਿੱਤ ਸਕੱਤਰ ਅਤੇ ਸਤਿੰਦਰਪਾਲ ਸਿੰਘ ਜੱਸੜ ਮੁੱਖ ਜਥੇਬੰਧਕ ਸਕੱਤਰ ਨਿਯੁਕਤ ਕੀਤੇ ਗਏ |