ਹਾਜੀਪੁਰ, 22 ਜਨਵਰੀ (ਜੋਗਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਸੀ. ਐਚ. ਸੀ. ਹਾਜੀਪੁਰ 'ਚ ਪਾਰਕਿੰਗ ਦੀ ਪਰਚੀ ਲਗਾਉਣ ਨੂੰ ਲੈ ਕੇ ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਬਲਾਕ ਕਾਂਗਰਸ ਪ੍ਰਧਾਨ ਕਿਸ਼ੋਰ ਕੁਮਾਰ ਦੀ ਅਗਵਾਈ 'ਚ ਪਾਰਕਿੰਗ ਦੇ ਵਿਰੋਧ 'ਚ ਜੋਰਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਕਿਸ਼ੋਰ ਕੁਮਾਰ ਨੇ ਕਿਹਾ ਕਿ ਪਰਚੀ ਲਗਾ ਕੇ ਲੋਕਾਂ ਨਾਲ ਧੋਖਾ ਕੀਤਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਕੋਲ ਦਵਾਈ ਲੈਣ ਲਈ ਪਰਚੀ ਕਰਵਾਉਣ ਲਈ ਪੈਸੇ ਨਹੀਂ ਹਨ ਤੇ ਲੋਕ ਪਾਰਕਿੰਗ ਪਰਚੀ ਦੇ ਪੈਸੇ ਕਿੱਥੋ ਲੈ ਕੇ ਆਉਣਗੇ? ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਹਾਜੀਪੁਰ 'ਚ ਡਾਕਟਰਾਂ ਦੀ ਭਾਰੀ ਕਮੀ ਹੈ ਤੇ ਹਸਪਤਾਲ ਸਾਰੀਆਂ ਸਹੁਲਤਾਂ ਤੋਂ ਵਾਂਝਾ ਹੈ | ਉਨ੍ਹਾਂ ਕਿਹਾ ਸਰਕਾਰ ਨੂੰ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨਾ ਚਾਹੀਦਾ ਹੈ ਨਾ ਕਿ ਲੋਕਾਂ 'ਤੇ ਉਲਟਾ ਪਾਰਕਿੰਗ ਪਰਚੀ ਦਾ ਬੋਝ ਪਾਉਣਾ ਚਾਹੀਦਾ | ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਪਾਰਕਿੰਗ ਪਰਚੀ ਬੰਦ ਨਾ ਕੀਤੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਨਰਿੰਦਰ ਸਿੰਘ ਨਿੰਦੀ, ਰਕੇਸ਼ ਕੁਮਾਰ ਰਿੰਕੂ, ਨਰਿੰਦਰ ਸਿੰਘ, ਕਰਨ ਸਿੰਘ ਬਿੱਟੂ ਆਦਿ ਤੋਂ ਇਲਾਵਾ ਹਾਜੀਪੁਰ ਵਾਸੀ ਹਾਜ਼ਰ ਸਨ | 21ਐਮਯੂਕੇ20