ਹੁਸ਼ਿਆਰਪੁਰ, 22 ਜਨਵਰੀ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਸਰਕਾਰ ਵਲੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਅਤੇ ਵਿਕਰੀ ਉੱਪਰ ਪੂਰਨ ਤੌਰ 'ਤੇ ਰੋਕ ਲਗਾਈ ਗਈ ਹੈ, ਤਾਂ ਜੋ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ | ਇਸ ਤਹਿਤ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਇਕ ਅਹਿਮ ਕਾਰਵਾਈ ਕਰਦੇ ਹੋਏ ਕਮਿਸ਼ਨਰ ਨਗਰ ਨਿਗਮ ਜਯੋਤੀ ਬਾਲਾ ਮੱਟੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ ਨਾਹਰ ਵਲੋਂ ਸੈਨੇਟਰੀ ਸੁਪਰਵਾਈਜ਼ਰ ਕਰਨਜੋਤ ਆਦੀਆ, ਹੀਰਾ ਲਾਲ, ਨਿਤਿਨ ਕੁਮਾਰ, ਸੰਜੀਵ ਕੁਮਾਰ ਅਤੇ ਲੇਖ ਰਾਜ ਸਮੇਤ ਆਪਣੀ ਪੈਟਰੋਲਿੰਗ ਟੀਮ ਨਾਲ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਇਲਾਕਿਆਂ ਵਿਚ ਸਵੇਰੇ ਸਿੰਗਲ ਯੂਜ਼ ਪਲਾਸਟਿਕ ਦੀ ਵਿਕਰੀ ਤੇ ਵਰਤੋਂ ਅਤੇ ਲਿਟਰਿੰਗ (ਕੂੜਾ ਖਿਲਾਰਨ ਵਾਲੇ) ਵਿਰੁੱਧ ਸਖ਼ਤ ਚੈਕਿੰਗ ਕੀਤੀ ਗਈ, ਜਿਸ ਤਹਿਤ ਅਧਿਕਾਰੀਆਂ ਵੱਲੋਂ ਕਾਰਵਾਈ ਕਰਦੇ ਹੋਏ ਸ਼ਹਿਰ ਵਿਚ ਪਲਾਸਟਿਕ ਦਾ ਚਲਾਨ ਜਾਰੀ ਕੀਤਾ ਗਿਆ ਅਤੇ ਮੌਕੇ 'ਤੇ ਹੀ ਸਿੰਗਲ ਯੂਜ਼ ਪਲਾਸਟਿਕ ਸਬੰਧੀ ਲਗਪਗ 70 ਕਿੱਲੋ ਦਾ ਸਾਮਾਨ ਜ਼ਬਤ ਕੀਤਾ ਗਿਆ | ਇਸ ਦੇ ਨਾਲ ਹੀ ਕਮਿਸ਼ਨਰ ਨਗਰ ਨਿਗਮ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਕੇ ਸ਼ਹਿਰ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ ਰਹਿਤ ਬਣਾਇਆ ਜਾਵੇ |