25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਰਾਸ਼ਟਰ ਨਿਰਮਾਣ ਪ੍ਰਤੀ ਸਮਰਪਿਤ ਹੋਣ ਨੌਜਵਾਨ ਅਧਿਕਾਰੀ-ਮੋਦੀ

ਅਜੀਤ ਡੈਸਕ 24-06-2026


ਨਵੀਂ ਦਿੱਲੀ, 23 ਜੂਨ (ਉਪਮਾ ਡਾਗਾ ਪਾਰਥ)–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਾਲ 2024 ਬੈਚ ਦੇ ਆਈ.ਏ.ਐਸ. ਅਧਿਕਾਰੀਆਂ ਨੂੰ ਸੰਵੇਦਨਸ਼ੀਲਤਾ ਅਤੇ ਤਕਨੀਕ ਨਾਲ ਰਾਸ਼ਟਰ ਨਿਰਮਾਣ ’ਚ ਯੋਗਦਾਨ ਪਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਵਿਕਸਿਤ ਭਾਰਤ ਲਈ ਨਤੀਜੇ ਆਧਾਰਿਤ ਸ਼ਾਸਨ ਅਤੇ ਵਿਭਾਗਾਂ ਦਰਮਿਆਨ ਬਿਹਤਰ ਤਾਲਮੇਲ ’ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਦੇ ਸੇਵਾ ਤੀਰਥ ਵਿਖੇ 2024 ਬੈਚ ਦੇ 183 ਆਈ.ਏ.ਐਸ. ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸੇਵਾ ਦੀ ਅਸਲ ਪ੍ਰੀਖਿਆ ਈਮਾਨਦਾਰੀ, ਸੰਵੇਦਨਸ਼ੀਲਤਾ ਅਤੇ ਵਚਨਬੱਧਤਾ ਨਾਲ ਹਕੀਕੀ ਹਾਲਾਤ ਨੂੰ ਸੰਭਾਲਣ ’ਚ ਹੈ। ਉਨ੍ਹਾਂ ਕਿਹਾ ਕਿ ਦੋ ਸਾਲ ਦੇ ਜ਼ਮੀਨੀ ਤਜਰਬੇ ਤੋਂ ਬਾਅਦ ਹੁਣ ਉਹ ਅਜਿਹੇ ਅਹਿਮ ਮੋੜ ’ਤੇ ਹਨ, ਜਿਥੇ ਉਨ੍ਹਾਂ ਦੇ ਫੈਸਲੇ ਕਰੋੜਾਂ ਨਾਗਰਿਕਾਂ ਦਾ ਭਵਿੱਖ ਤੈਅ ਕਰਨਗੇ। ਮੋਦੀ ਨੇ ਅਧਿਕਾਰੀਆਂ ਨੂੰ ‘ਨਾਗਰਿਕ ਦੇਵੋ ਭਵ:’ ਦਾ ਮੰਤਰ ਦਿੰਦਿਆਂ ਕਿਹਾ ਕਿ ਹਰ ਪ੍ਰਸ਼ਾਸਨਿਕ ਫਾਈਲ ਦੇ ਪਿੱਛੇ ਇਕ ਇਨਸਾਨ ਦੀਆਂ ਉਮੀਦਾਂ, ਚਿੰਤਾਵਾਂ ਅਤੇ ਜੀਵਨ ਲੁਕਿਆ ਹੁੰਦਾ ਹੈ। ਅਧਿਕਾਰੀਆਂ ਨੂੰ ਹਰ ਫੈਸਲਾ ਲੈਂਦੇ ਸਮੇਂ ਨਾਗਰਿਕਾਂ ਨੂੰ ਕੇਂਦਰ ’ਚ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਸ਼ਾਸਨ ਨੂੰ ਵਧੇਰੇ ਸੰਵੇਦਨਸ਼ੀਲ, ਜਵਾਬਦੇਹ ਅਤੇ ਸ਼ਖ਼ਸੀਅਤ ਭਰਿਆ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਪੂਰੇ ਸਰਕਾਰੀ ਤੰਤਰ ਨੂੰ ਇਕੱਠੇ ਮਿਲ ਕੇ ਕੰਮ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਵੱਡੀਆਂ ਵਿਕਾਸ ਚੁਣੌਤੀਆਂ ਨੂੰ ਵੱਖ-ਵੱਖ ਰਹਿ ਕੇ ਹੱਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਵਿਕਸਿਤ ਭਾਰਤ 2047 ਦੇ ਟੀਚੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਉਣ ਵਾਲੇ ਦਹਾਕੇ ’ਚ ਹਰ ਨੀਤੀ ਅਤੇ ਪ੍ਰਸ਼ਾਸਨਿਕ ਫੈਸਲਾ ਦੇਸ਼ ਦੇ ਵਿਕਾਸ ’ਚ ਯੋਗਦਾਨ ਦੇਣ ਵਾਲਾ ਹੋਣਾ ਚਾਹੀਦਾ ਹੈ। ਮੋਦੀ ਨੇ ਡੇਟਾ ਆਧਾਰਿਤ ਸ਼ਾਸਨ ’ਤੇ ਬੋਲਦਿਆਂ ਕਿਹਾ ਕਿ ਡੇਟਾ ਸਿਰਫ ਅੰਕੜੇ ਨਹੀਂ, ਸਗੋਂ ਲੱਖਾਂ ਲੋਕਾਂ ਦੀਆਂ ਚੁਣੌਤੀਆਂ ਅਤੇ ਆਸਾਂ ਦੀ ਝਲਕ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਸ ਗੱਲ ਦੀ ਜਾਂਚ ਕਰਨ ਨੂੰ ਕਿਹਾ ਕਿ ਨੀਤੀਆਂ ਜ਼ਮੀਨ ’ਤੇ ਪ੍ਰਭਾਵੀ ਢੰਗ ਨਾਲ ਲਾਗੂ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਬੈਚ ’ਚ ਔਰਤਾਂ ਦੀ ਵਧ ਰਹੀ ਭਾਗੀਦਾਰੀ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਖੁਸ਼ੀ ਹੈ ਕਿ ਇਸ ਬੈਚ ’ਚ 40 ਫ਼ੀਸਦੀ ਤੋਂ ਵੱਧ ਔਰਤ ਅਧਿਕਾਰੀ ਹਨ।

ਪਿਛਲੀ ਖ਼ਬਰ ਭਾਰਤ-ਅਮਰੀਕਾ ਵਪਾਰ ਸਮਝੌਤੇ ’ਤੇ ਫ਼ੈਸਲਾਕੁੰਨ ਗੱਲਬਾਤ ਸ਼ੁਰੂ ਅਗਲੀ ਖ਼ਬਰ ਸ਼ਾਹਕੋਟ ਵਿਖੇ ਇੰਸਪੈਕਟਰ ਅਮਨ ਸੈਣੀ ਨੇ ਐੱਸ.ਐੱਚ.ਓ. ਦਾ ਚਾਰਜ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।