ਮੰਤਰੀਆਂ ਤੇ ਵਿਧਾਇਕਾਂ ਵਲੋਂ ਇਕੋ ਦਿਨ ਵੱਡੀ ਗਿਣਤੀ ਵਿਚ ਪਿੰਡਾਂ ਤੇ ਵਾਰਡਾਂ ਦਾ ਦੌਰਾ
ਚੰਡੀਗੜ੍ਹ, 26 ਮਾਰਚ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਦੇ ਮੌਕੇ ਪਾਰਟੀ ਨੇ ਬੁੱਧਵਾਰ ਨੂੰ ਸੂਬਾ ਪੱਧਰੀ ਮੁਹਿੰਮ 'ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ' ਦੀ ਸ਼ੁਰੂਆਤ ਕੀਤੀ | ਇਸ ਮੁਹਿੰਮ ਰਾਹੀਂ ਸਰਕਾਰ ਦੇ ਕੰਮਾਂ ਦਾ ਰਿਕਾਰਡ ਸਿੱਧਾ ਪਿੰਡਾਂ ਤੇ ਸ਼ਹਿਰੀ ਵਾਰਡਾਂ ਦੇ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ | ਮੰਤਰੀਆਂ, ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੇ ਇਕੋ ਦਿਨ 'ਚ ਕਰੀਬ 1,000 ਪਿੰਡਾਂ ਅਤੇ ਵਾਰਡਾਂ ਦਾ ਦੌਰਾ ਕੀਤਾ, ਨਾਗਰਿਕਾਂ ਨਾਲ ਗੱਲਬਾਤ ਕੀਤੀ ਅਤੇ ਪੰਜਾਬ ਸਰਕਾਰ ਦੀਆਂ ਪ੍ਰਮੁੱਖ ਪ੍ਰਾਪਤੀਆਂ 'ਤੇ ਚਾਨਣਾ ਪਾਇਆ | ਕੈਬਨਿਟ ਮੰਤਰੀ ਡਾ. ਰਵਜੋਤ ਨੇ ਸ਼ਾਮ ਚੌਰਾਸੀ 'ਚ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੂਰੇ ਦੇਸ਼ 'ਚ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਚਰਚਾ ਹੈ | ਭਾਰਤ ਸਰਕਾਰ ਦੇ ਸਰਵੇਖਣ ਨੇ ਵੀ ਮੰਨਿਆ ਹੈ ਕਿ ਪੰਜਾਬ ਦੇ ਸਕੂਲ ਨੰਬਰ 1 ਬਣ ਚੁੱਕੇ ਹਨ | 28,000 ਤੋਂ ਵੱਧ ਅਧਿਆਪਕਾਂ ਦੀ ਪਾਰਦਰਸ਼ੀ ਭਰਤੀ ਅਤੇ ਫਿਨਲੈਂਡ-ਸਿੰਗਾਪੁਰ 'ਚ ਉਨ੍ਹਾਂ ਦੀ ਸਿਖਲਾਈ ਦਾ ਹੀ ਨਤੀਜਾ ਹੈ ਕਿ ਅੱਜ ਪੰਜਾਬ ਦੇ ਬੱਚੇ ਜੇ.ਈ.ਈ. ਅਤੇ 'ਨੀਟ' ਵਰਗੀਆਂ ਪ੍ਰੀਖਿਆਵਾਂ ਪਾਸ ਕਰ ਰਹੇ ਹਨ | ਲੁਧਿਆਣਾ ਪੱਛਮੀ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਦੇ 90 ਫ਼ੀਸਦੀ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਕਰਕੇ ਇਤਿਹਾਸ ਰਚ ਦਿੱਤਾ ਹੈ | ਪਹਿਲਾਂ ਲੋਕ ਬਿੱਲਾਂ ਤੋਂ ਡਰਦੇ ਸਨ, ਅੱਜ ਉਨ੍ਹਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ ਅਤੇ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਮਿਲ ਰਹੀ ਹੈ | ਭੋਆ 'ਚ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸਰਕਾਰ ਨੇ ਨਸ਼ਿਆਂ ਵਿਰੁੱਧ ਫੈਸਲਾਕੁਨ ਜੰਗ ਛੇੜੀ ਹੈ, ਜਿਸ ਤਹਿਤ 92,000 ਤੋਂ ਵੱਧ ਤਸਕਰ ਸਲਾਖਾਂ ਪਿੱਛੇ ਹਨ | ਇਸ ਦੇ ਨਾਲ ਹੀ 65,000 ਸਰਕਾਰੀ ਨੌਕਰੀਆਂ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਦੇ ਕੇਵਲ ਮੈਰਿਟ ਦੇ ਆਧਾਰ 'ਤੇ ਦਿੱਤੀਆਂ ਗਈਆਂ ਹਨ | ਜੰਡਿਆਲਾ ਗੁਰੂ 'ਚ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਪੰਜਾਬ 'ਚ 985 ਆਮ ਆਦਮੀ ਕਲੀਨਿਕ ਸਫ਼ਲਤਾਪੂਰਵਕ ਚੱਲ ਰਹੇ ਹਨ, ਜਿਥੇ 5 ਕਰੋੜ ਤੋਂ ਵੱਧ ਲੋਕ ਮੁਫ਼ਤ ਇਲਾਜ ਕਰਵਾ ਚੁੱਕੇ ਹਨ | ਹੁਣ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ 'ਕੈਸ਼ਲੈੱਸ' ਇਲਾਜ ਮਿਲ ਰਿਹਾ ਹੈ, ਜਿਸ ਨਾਲ ਗਰੀਬ ਨੂੰ ਹੁਣ ਇਲਾਜ ਲਈ ਕਰਜ਼ਾ ਨਹੀਂ ਲੈਣਾ ਪੈਂਦਾ | ਮਲੋਟ 'ਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਔਰਤਾਂ ਲਈ ਵੱਡੇ ਐਲਾਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ 'ਮਾਤਾਵਾਂ ਦਾ ਸਤਿਕਾਰ ਯੋਜਨਾ' ਤਹਿਤ ਵਿਸਾਖੀ ਤੋਂ ਹਰ ਔਰਤ ਨੂੰ 1000 ਰੁਪਏ ਅਤੇ ਐਸ.ਸੀ. ਭਾਈਚਾਰੇ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ | ਇਸ ਦੇ ਨਾਲ ਹੀ ਮੁਫ਼ਤ ਬੱਸ ਯਾਤਰਾ ਨੇ ਔਰਤਾਂ ਨੂੰ ਆਤਮ-ਨਿਰਭਰ ਬਣਾਇਆ ਹੈ | ਜਲੰਧਰ ਪੱਛਮੀ 'ਚ ਮਹਿੰਦਰ ਭਗਤ ਨੇ ਕਿਹਾ ਕਿ ਮਾਨ ਸਰਕਾਰ ਕਿਸਾਨਾਂ ਦੀ ਸੱਚੀ ਹਮਦਰਦ ਹੈ | ਅੱਜ ਕਿਸਾਨਾਂ ਨੂੰ ਦਿਨ ਵੇਲੇ 8 ਘੰਟੇ ਮੁਫ਼ਤ ਬਿਜਲੀ ਮਿਲ ਰਹੀ ਹੈ ਅਤੇ ਦਹਾਕਿਆਂ ਬਾਅਦ ਨਹਿਰੀ ਪਾਣੀ ਹਰ ਖੇਤ ਦੇ ਅੰਤਿਮ ਸਿਰੇ ਤੱਕ ਪਹੁੰਚਿਆ ਹੈ | ਫ਼ਸਲ ਦਾ ਭੁਗਤਾਨ ਵੀ ਹੁਣ ਮਹਿਜ਼ 24 ਘੰਟਿਆਂ ਦੇ ਅੰਦਰ ਸਿੱਧਾ ਖਾਤੇ 'ਚ ਹੋ ਰਿਹਾ ਹੈ | ਲਹਿਰਾ 'ਚ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸਰਕਾਰ ਬਜ਼ੁਰਗਾਂ ਨੂੰ ਮੁਫ਼ਤ ਤੀਰਥ ਯਾਤਰਾ ਕਰਵਾ ਰਹੀ ਹੈ | ਨਾਲ ਹੀ, ਦੇਸ਼ ਦੀ ਰੱਖਿਆ ਕਰਦਿਆਂ ਸ਼ਹੀਦ ਹੋਣ ਵਾਲੇ ਫ਼ੌਜ ਦੇ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾ ਰਹੀ ਹੈ, ਜੋ ਦੇਸ਼ 'ਚ ਸਭ ਤੋਂ ਵੱਧ ਹੈ | ਉਨ੍ਹਾਂ ਦੱਸਿਆ ਕਿ 40,000 ਕਿਲੋਮੀਟਰ ਸੜਕਾਂ, 9,000 ਖੇਡ ਮੈਦਾਨ ਅਤੇ 6,000 ਜਿੰਮ ਬਣਾ ਕੇ ਪੰਜਾਬ ਨੂੰ ਫਿਰ ਤੋਂ 'ਰੰਗਲਾ ਪੰਜਾਬ' ਬਣਾਉਣ ਦਾ ਸੁਪਨਾ ਹਕੀਕਤ 'ਚ ਬਦਲ ਰਿਹਾ ਹੈ |
ਭਗਵੰਤ ਮਾਨ ਸਰਕਾਰ ਦੇ 4 ਸਾਲ ਪੂਰੇ ਹੋਣ 'ਤੇ ਵੱਡੀ ਜਨਤਕ ਮੁਹਿੰਮ
ਅਜੀਤ ਡੈਸਕ
27-03-2026