ਈਰਾਨ ਨੇ ਭਾਰਤ ਸਮੇਤ 5 ਮਿੱਤਰ ਦੇਸ਼ਾਂ ਨੂੰ 'ਹੋਰਮੁਜ਼' ਰਾਹੀਂ ਦਿੱਤਾ ਲਾਂਘਾ
ਤਹਿਰਾਨ/ਯੇਰੂਸ਼ਲਮ, ਦੁਬਈ, 26 ਮਾਰਚ (ਪੀ. ਟੀ. ਆਈ.)-ਇਜ਼ਰਾਈਲ ਨੇ ਦਾਅਵਾ ਕੀਤਾ ਕਿ ਉਸ ਨੇ ਈਰਾਨ ਰੈਵੋਲਿਊਸ਼ਨਰੀ ਗਾਰਡ ਕਾਰਪਸ (ਆਈ.ਆਰ.ਜੀ.ਸੀ.) ਦੀ ਜਲ ਸੈਨਾ ਦੇ ਮੁਖੀ ਕਮੋਡੋਰ ਅਲੀਰੇਜ਼ਾ ਤੰਗਸਿਰੀ ਨੂੰ ਮਾਰ ਦਿੱਤਾ ਹੈ, ਜੋ ਕਿ 'ਸਟ੍ਰੇਟ ਆਫ਼ ਹੋਰਮੁਜ਼' ਦੀ ਨਾਕਾਬੰਦੀ ਦੀ ਨਿਗਰਾਨੀ ਕਰ ਰਿਹਾ ਸੀ | ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਕਿਹਾ ਕਿ ਤੰਗਸਿਰੀ ਰਾਤ ਭਰ ਕੀਤੇ ਹਮਲਿਆਂ 'ਚ ਜਲ ਸੈਨਾ ਦੇ ਹੋਰ ਸੀਨੀਅਰ ਕਮਾਂਡਰਾਂ ਦੇ ਨਾਲ ਮਾਰਿਆ ਗਿਆ | ਹਾਲਾਂਕਿ, ਈਰਾਨ ਨੇ ਤੰਗਸਿਰੀ ਦੀ ਹੱਤਿਆ ਨੂੰ ਅਜੇ ਸਵੀਕਾਰ ਨਹੀਂ ਕੀਤਾ ਹੈ | ਦੂਜੇ ਪਾਸੇ, ਈਰਾਨ ਨੇ ਭਾਰਤ, ਪਾਕਿਸਤਾਨ, ਚੀਨ, ਰੂਸ ਤੇ ਇਰਾਕ ਸਮੇਤ 5 ਮਿੱਤਰ ਦੇਸ਼ਾਂ ਨੂੰ ਵਪਾਰਕ ਸ਼ਿੰਪਿੰਗ ਲਈ 'ਸਟ੍ਰੇਟ ਆਫ਼ ਹੋਰਮੁਜ਼' ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਹੈ | 'ਸਟ੍ਰੇਟ ਆਫ਼ ਹੋਰਮੁਜ਼' ਦੁਨੀਆ ਭਰ 'ਚ ਤੇਲ ਅਤੇ ਗੈਸ ਦੀ ਸਪਲਾਈ ਦਾ ਅਹਿਮ ਮਾਰਗ ਹੈ | ਈਰਾਨ ਦੇ ਇਸ ਤੱਟ ਤੋਂ ਵਿਸ਼ਵ ਦੀ ਲਗਭਗ 20 ਫ਼ੀਸਦੀ ਤੇਲ ਅਤੇ ਤਰਲ ਕੁਦਰਤੀ ਗੈਸ (ਐਲ.ਐਨ.ਜੀ.) ਦੀ ਸਪਲਾਈ ਗੁਜ਼ਰਦੀ ਹੈ | ਈਰਾਨ ਦੇ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਘਚੀ ਨੇ ਸਪੱਸ਼ਟ ਕੀਤਾ ਕਿ ਈਰਾਨ ਦੇ ਵਿਰੋਧੀਆਂ ਨਾਲ ਜੁੜੇ ਜਹਾਜ਼ਾਂ ਨੂੰ ਇਸ ਰਣਨੀਤਕ ਜਲ ਮਾਰਗ ਰਾਹੀਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਉਨ੍ਹ੍ਹਾਂ ਕਿਹਾ ਕਿ ਅਸੀਂ ਜੰਗ ਦੀ ਸਥਿਤੀ 'ਚ ਹਾਂ | ਇਹ ਖੇਤਰ ਇਕ ਜੰਗੀ ਖੇਤਰ ਹੈ ਅਤੇ ਸਾਡੇ ਦੁਸ਼ਮਣਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦੇਣ ਦਾ ਕੋਈ ਕਾਰਨ ਨਹੀਂ ਹੈ ਪਰ ਇਹ ਦੂਜਿਆਂ ਲਈ ਖੁੱਲ੍ਹਾ ਹੈ |
ਗੱਲਬਾਤ ਦਾ ਕੋਈ ਇਰਾਦਾ ਨਹੀਂ-ਅਰਾਘਚੀ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਕਿ ਕਈ ਦਿਨਾਂ ਤੋਂ ਅਮਰੀਕਾ ਮਿੱਤਰ ਦੇਸ਼ਾਂ ਦੇ ਜ਼ਰੀਏ ਸੰਦੇਸ਼ ਭੇਜ ਰਿਹਾ ਹੈ ਪਰ ਸਾਡਾ ਗੱਲਬਾਤ ਦਾ ਕੋਈ ਇਰਾਦਾ ਨਹੀਂ ਹੈ | ਉਨ੍ਹਾਂ ਕਿਹਾ ਕਿ ਅਸੀ ਆਪਣੀ ਸਥਿਤੀ ਸਪੱਸ਼ਟ ਕਰ ਚੁੱਕੇ ਹਾਂ | ਇਹ ਨਾ ਤਾਂ ਗੱਲਬਾਤ ਹੈ, ਨਾ ਹੀ ਕੋਈ ਸਮਝੌਤਾ ਅਤੇ ਨਾ ਹੀ ਹੋਰ ਕੁਝ ਹੈ | ਅਰਾਘਚੀ ਨੇ ਕਿਹਾ ਕਿ ਈਰਾਨ ਦੀ ਨੀਤੀ ਹੁਣ ਵੀ ਆਪਣੀ ਸੁਰੱਖਿਆ ਕਰਨ ਦੀ ਹੈ | ਉਨ੍ਹਾਂ ਕਿਹਾ ਕਿ ਇਹ ਇਜ਼ਰਾਈਲ ਦੀ ਲੜਾਈ ਹੈ ਅਤੇ ਅਮਰੀਕਾ ਦੇ ਨਾਲ ਹੀ ਇਲਾਕੇ ਦੇ ਲੋਕ ਇਸ ਦੀ ਕੀਮਤ ਚੁਕਾ ਰਹੇ ਹਨ |
ਇਜ਼ਰਾਈਲੀ ਹਮਲੇ 'ਚ 'ਹੋਰਮੁਜ਼' ਦੀ ਨਾਕਾਬੰਦੀ ਕਰਨ ਵਾਲਾ ਈਰਾਨੀ ਜਲ ਸੈਨਾ ਮੁਖੀ ਹਲਾਕ
ਅਜੀਤ ਡੈਸਕ
27-03-2026