ਜਲੰਧਰ, 26 ਮਾਰਚ (ਸ਼ਿਵ ਸ਼ਰਮਾ)-ਇਜਰਾਈਲ, ਅਮਰੀਕਾ ਦੀ ਈਰਾਨ ਨਾਲ ਚੱਲ ਰਹੀ ਜੰਗ ਕਰਕੇ ਅੰਤਰਰਾਸ਼ਟਰੀ ਬਾਜ਼ਾਰ 'ਚ ਤੇਲ ਦੀਆਂ ਰਿਕਾਰਡ ਤੋੜ ਵਧ ਰਹੀਆਂ ਕੀਮਤਾਂ ਕਾਰਨ ਵਿਸ਼ਵ ਭਰ ਦੇ ਦੇਸ਼ਾਂ ਨੂੰ ਵੱਡਾ ਝਟਕਾ ਤਾਂ ਲੱਗਾ ਹੀ ਹੈ ਸਗੋਂ ਤੇਲ ਦੀਆਂ ਕੀਮਤਾਂ ਵਧਣ ਕਾਰਨ ਲੋਕਾਂ ਨੂੰ ਲਗਾਤਾਰ ਮਹਿੰਗਾਈ ਦੇ ਝਟਕੇ ਲੱਗ ਰਹੇ ਹਨ | ਕੱਚੇ ਤੇਲ ਦੀਆਂ ਰਿਕਾਰਡ ਕੀਮਤਾਂ ਵਿਚ ਲਗਾਤਾਰ ਵਾਧਾ ਹੋਣ ਨਾਲ ਸਰਕਾਰੀ ਤੇਲ ਕੰਪਨੀਆਂ ਨੇ ਤਾਂ ਕੁੱਝ ਦਿਨ ਪਹਿਲਾਂ ਹੀ ਕੁੱਝ ਖ਼ਾਸ ਤੇਲਾਂ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਸੀ ਪਰ ਲਗਾਤਾਰ ਪੈ ਰਹੇ ਘਾਟੇ ਕਰਕੇ ਨਿੱਜੀ ਕੰਪਨੀਆਂ ਵੀ ਹੁਣ ਗੋਡੇ ਟੇਕ ਰਹੀਆਂ ਹਨ ਤੇ ਉਨ੍ਹਾਂ ਲਈ ਕਈ ਦਿਨਾਂ ਤੋਂ ਪੈ ਰਿਹਾ ਘਾਟਾ ਸਹਿਣ ਕਰਨਾ ਕਾਫ਼ੀ ਔਖਾ ਹੋ ਰਿਹਾ ਹੈ | ਆਪਣਾ ਘਾਟਾ ਘਟਾਉਣ ਲਈ ਇਕ ਨਿੱਜੀ ਕੰਪਨੀ 'ਨਾਇਰਾ' ਵਲੋਂ ਪੈਟਰੋਲ ਦੀ ਕੀਮਤ 'ਚ 5 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ ਵਿਚ 3 ਰੁਪਏ ਲੀਟਰ ਦਾ ਵਾਧਾ ਕੀਤਾ ਗਿਆ ਹੈ | 'ਨਾਇਰਾ' ਦੇ ਹਾਲਾਂਕਿ ਪੰਜਾਬ ਵਿਚ 65 ਤੋਂ 70 ਦੇ ਕਰੀਬ ਪੈਟਰੋਲ ਪੰਪ ਹਨ ਪਰ ਉਕਤ ਕੰਪਨੀ ਦੇ ਹਰਿਆਣਾ, ਗੁਜਰਾਤ, ਰਾਜਸਥਾਨ ਅਤੇ ਹੋਰ ਰਾਜਾਂ ਵਿਚ ਕਾਫ਼ੀ ਪੈਟਰੋਲ ਪੰਪ ਹਨ | ਜੰਗ ਲੱਗਣ ਤੋਂ ਪਹਿਲਾਂ ਕੱਚੇ ਤੇਲ ਦੀਆਂ ਕੀਮਤਾਂ 69 ਤੋਂ 70 ਡਾਲਰ ਪ੍ਰਤੀ ਬੈਰਲ ਤੱਕ ਚੱਲਦੀਆਂ ਰਹੀਆਂ ਹਨ ਪਰ ਹੁਣ ਜੰਗ ਕਰਕੇ ਕੱਚੇ ਤੇਲ ਦੀਆਂ ਕੀਮਤਾਂ 119 ਡਾਲਰ ਪ੍ਰਤੀ ਬੈਰਲ ਪੁੱਜ ਗਈਆਂ ਹਨ ਜਿਸ ਕਰਕੇ ਤੇਲ ਕੰਪਨੀਆਂ ਲਈ ਪੁਰਾਣੀਆਂ ਕੀਮਤਾਂ 'ਤੇ ਪੈਟਰੋਲ ਤੇ ਡੀਜ਼ਲ ਵੇਚਣਾ ਔਖਾ ਹੋ ਰਿਹਾ ਹੈ | ਸਰਕਾਰੀ ਤੇਲ ਕੰਪਨੀਆਂ ਨੂੰ ਤਾਂ ਸਰਕਾਰ ਵਲੋਂ ਮਦਦ ਮਿਲਦੀ ਰਹਿੰਦੀ ਹੈ ਪਰ ਹੁਣ ਸਰਕਾਰੀ ਤੇਲ ਕੰਪਨੀਆਂ ਦੀ ਵੀ ਬੱਸ ਹੁੰਦੀ ਜਾ ਰਹੀ ਹੈ | ਤੇਲ ਮਹਿੰਗਾ ਹੋਣ ਕਰਕੇ ਨਿੱਜੀ ਤੇਲ ਕੰਪਨੀਆਂ ਲਈ ਜ਼ਿਆਦਾ ਸਮੇਂ ਤੱਕ ਘਾਟਾ ਸਹਿਣ ਕਰਨਾ ਸੌਖਾ ਨਹੀਂ ਹੈ | ਇਕ ਜਾਣਕਾਰੀ ਮੁਤਾਬਿਕ ਤੇਲ ਕੰਪਨੀਆਂ ਨੂੰ ਰੋਜ਼ਾਨਾ ਹੀ 2000 ਕਰੋੜ ਤੋਂ ਜ਼ਿਆਦਾ ਦਾ ਘਾਟਾ ਪੈ ਰਿਹਾ ਹੈ | ਤੇਲ ਕੰਪਨੀਆਂ ਵਲੋਂ ਆਪਣਾ ਘਾਟਾ ਘਟਾਉਣ ਲਈ ਕੁੱਝ ਦਿਨ ਪਹਿਲਾਂ ਯਤਨ ਸ਼ੁਰੂ ਕੀਤੇ ਗਏ ਸੀ ਜਦੋਂ ਵੱਡੇ ਖਪਤਕਾਰਾਂ ਲਈ ਤੇਲ ਦੀ ਕੀਮਤ ਵਿਚ 22 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ | ਪਹਿਲਾਂ ਵੱਡੇ ਖਪਤਕਾਰਾਂ ਜਿਨ੍ਹਾਂ ਵਿਚ ਫ਼ੈਕਟਰੀਆਂ ਵਾਲੇ ਸ਼ਾਮਿਲ ਹੁੰਦੇ ਹਨ | ਉਨ੍ਹਾਂ ਨੂੰ 3 ਤੋਂ 4 ਰੁਪਏ ਪ੍ਰਤੀ ਲੀਟਰ ਆਮ ਤੇਲ ਨਾਲੋਂ ਸਸਤਾ ਪੈਂਦਾ ਸੀ ਪਰ ਬਾਅਦ ਵਿਚ ਇਸ ਦੀ ਕੀਮਤ ਵਧਾ ਦਿੱਤੀ ਗਈ ਸੀ ਤਾਂ ਜੋ ਤੇਲ ਕੰਪਨੀਆਂ ਦਾ ਘਾਟਾ ਕੁੱਝ ਹੱਦ ਤੱਕ ਕੰਟਰੋਲ ਹੋ ਸਕੇ | ਉਂਜ ਤੇਲ ਕੰਪਨੀਆਂ ਨੇ ਪ੍ਰੀਮੀਅਮ ਤੇਲ ਦੀ ਕੀਮਤ ਵਿਚ ਵੀ ਵਾਧਾ ਕਰ ਦਿੱਤਾ | ਚਾਹੇ ਤੇਲ ਕੰਪਨੀਆਂ ਵਲੋਂ ਤੇਲ ਦੀ ਕੋਈ ਕਮੀ ਨਹੀਂ ਦੱਸੀ ਜਾ ਰਹੀ ਹੈ ਪਰ ਲੋਕਾਂ ਵਿਚ ਇਸ ਨੂੰ ਲੈ ਕੇ ਘਬਰਾਹਟ ਪਾਈ ਜਾ ਰਹੀ ਹੈ ਤੇ ਹੁਸ਼ਿਆਰਪੁਰ ਤੋਂ ਇਲਾਵਾ ਜਲੰਧਰ ਦੇ ਬਾਹਰੀ ਇਲਾਕਿਆਂ ਦੇ ਕੁੱਝ ਪੈਟਰੋਲ ਪੰਪਾਂ ਦੇ ਸੁੱਕ ਜਾਣ ਕਰਕੇ ਲੋਕਾਂ ਨੂੰ ਕੁੱਝ ਸਮੇਂ ਤੋਂ ਪੇ੍ਰਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ | ਇਕ ਪਾਸੇ ਵੱਡੇ ਖਪਤਕਾਰਾਂ ਤੋਂ ਇਲਾਵਾ ਪ੍ਰੀਮੀਅਮ ਤੇਲ ਮਹਿੰਗਾ ਹੋਣ ਤੋਂ ਇਲਾਵਾ ਨਿੱਜੀ ਕੰਪਨੀਆਂ ਨੇ ਤੇਲ ਕੀਮਤਾਂ ਵਿਚ ਵਾਧਾ ਕੀਤਾ ਹੈ ਪਰ ਆਮ ਪੈਟਰੋਲ ਪੰਪਾਂ 'ਤੇ ਵਿਕ ਰਿਹਾ ਪੈਟਰੋਲ ਅਤੇ ਡੀਜ਼ਲ ਇਸ ਕਰਕੇ ਵੀ ਮਹਿੰਗਾ ਨਹੀਂ ਹੋਇਆ ਹੈ ਕਿਉਂਕਿ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਸਮੇਤ 5 ਰਾਜਾਂ ਵਿਚ ਅਪ੍ਰੈਲ ਮਹੀਨੇ ਵਿਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਤੇ ਇਸ ਸਮੇਂ ਦੌਰਾਨ ਆਮ ਤੇਲ ਦੀਆਂ ਕੀਮਤਾਂ ਵਧਣ ਦੀ ਕੋਈ ਸੰਭਾਵਨਾ ਵੀ ਨਜ਼ਰ ਨਹੀਂ ਆ ਰਹੀ ਹੈ |