ਯੂ.ਏ.ਈ. ਦੀ ਹਵਾਈ ਰੱਖਿਆ ਪ੍ਰਣਾਲੀ ਵਲੋਂ ਰੋਕੀਆਂ ਗਈਆਂ ਮਿਜ਼ਾਈਲਾਂ ਦਾ ਮਲਬਾ ਆਬੂਧਾਬੀ ਦੀ ਇਕ ਗਲੀ 'ਚ ਡਿੱਗਣ ਕਾਰਨ ਇਕ ਭਾਰਤੀ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਤਿੰਨ ਹੋਰ ਜ਼ਖ਼ਮੀ ਹੋ ਗਏ | ਅਬੂ ਧਾਬੀ ਮੀਡੀਆ ਦਫ਼ਤਰ ਨੇ ਦੱਸਿਆ ਕਿ ਇਸ ਘਟਨਾ 'ਚ ਮਰਨ ਵਾਲਾ ਦੂਜਾ ਵਿਅਕਤੀ ਪਾਕਿਸਤਾਨੀ ਨਾਗਰਿਕ ਹੈ, ਜਦੋਂਕਿ ਤਿੰਨ ਜ਼ਖ਼ਮੀਆਂ 'ਚ ਇਕ ਭਾਰਤੀ ਵੀ ਸ਼ਾਮਿਲ ਹੈ | ਆਬੂਧਾਬੀ 'ਚ ਹੋਈ ਤਾਜ਼ਾ ਘਟਨਾ ਤੋਂ ਬਾਅਦ ਮੌਤਾਂ ਦੀ ਕੁੱਲ ਗਿਣਤੀ 11 ਹੋ ਗਈ ਹੈ | ਤੜਕਸਾਰ ਖਾੜੀ ਦੇ ਵੱਖ-ਵੱਖ ਦੇਸ਼ਾਂ 'ਚ ਮਿਜ਼ਾਈਲ ਹਮਲੇ ਦੀ ਚਿਤਾਵਨੀ ਦੇ ਸਾਈਰਨ ਵੱਜਦੇ ਸੁਣਾਈ ਦਿੱਤੇ | ਦੂਜੇ ਪਾਸੇ, ਇਜ਼ਰਈਲ ਦੀ ਐਮਰਜੈਂਸੀ ਸਰਵਿਸ ਦਾ ਕਹਿਣਾ ਹੈ ਕਿ ਦੇਸ਼ ਦੇ ਮੱਧ ਇਲਾਕੇ 'ਚ ਇਕ ਮਿਜ਼ਾਈਲ ਹਮਲੇ 'ਚ 6 ਲੋਕ ਜ਼ਖ਼ਮੀ ਹੋ ਗਏ |