* ਨੈਤਿਕਤਾ ਦੇ ਆਧਾਰ ’ਤੇ ਅਸਤੀਫ਼ਾ ਦੇਣ ਮੋਦੀ-ਖੜਗੇ * ਹਾਲ ਹੀ ’ਚ ਹੋਈਆਂ ਸਾਰੀਆਂ ਚੋਣਾਂ ਗ਼ੈਰ ਕਾਨੂੰਨੀ-ਰਾਹੁਲ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ 29 ਸਤੰਬਰ-ਕਾਂਗਰਸ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਸੜਕਾ ਤੋਂ ਸੰਸਦ ਤੱਕ ਦੀ ਲੜਾਈ ਲੜਨ ਦਾ ਐਲਾਨ ਕੀਤਾ। ਕਾਂਗਰਸ ਨੇ ਮੰਗਲਵਾਰ ਨੂੰ ਦਿੱਲੀ ’ਚ ਪਾਰਟੀ ਹੈੱਡਕੁਆਰਟਰ ਵਿਖੇ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ’ਚ ਮੁੱਖ ਚੋਣ ਕਮਿਸ਼ਨਰ ’ਤੇ ਤਿੱਖਾ ਹਮਲਾ ਬੋਲਦਿਆਂ ਉਨ੍ਹਾਂ ’ਤੇ ਸੱਤਾ ਧਿਰ ਨੂੰ ਫ਼ਾਇਦਾ ਪਹੁੰਚਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਨਾ ਸਿਰਫ਼ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ, ਸਗੋਂ ਉਨ੍ਹਾਂ (ਗਿਆਨੇਸ਼ ਕੁਮਾਰ) ’ਤੇ ਅਜਿਹਾ ਸਭ ਕਰਨ ਲਈ ‘ਦਬਾਅ ਪਾਉਣ’ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਉਨ੍ਹਾਂ (ਮੋਦੀ) ਨੂੰ ਨੈਤਿਕ ਆਧਾਰ ’ਤੇ ਅਸਤੀਫ਼ਾ ਦੇਣਾ ਚਾਹੀਦਾ ਹੈ। ਬੈਠਕ ’ਚ ਪਾਸ ਕੀਤੇ ਪ੍ਰਸਤਾਵ ’ਚ ਵੀ ਪਾਰਟੀ ਵਲੋਂ 5 ਮੁੱਖ ਮੰਗਾਂ ਰੱਖੀਆਂ ਗਈਆਂ। ਜਿਸ ’ਚ ਵੋਟਰ ਸੂਚੀ ’ਚ ਹੋਣ ਵਾਲੇ ਵੱਡੇ ਬਦਲਾਵਾਂ ਦਾ ਪੂਰਾ ਡੇਟਾ ਜਨਤਕ ਕਰਨਾ, ਹਟਾਏ ਗਏ ਵੋਟਰਾਂ ਨੂੰ ਅਪੀਲ ਦਾ ਮੌਕਾ ਦੇਣਾ, ਸਿਆਸੀ ਪਾਰਟੀਆਂ ਨੂੰ ਵੋਟਰ ਸੂਚੀ ਨਾਲ ਸੰਬੰਧਿਤ ਜ਼ਰੂਰੀ ਡੇਟਾ ਸਮੇਂ ’ਤੇ ਮੁਹੱਈਆ ਕਰਵਾਉਣਾ, ਗੰਭੀਰ ਗੜਬੜੀਆਂ ਦੇ ਮਾਮਲੇ ’ਚ ਸੁਤੰਤਰ ਅਤੇ ਸਮਾਂਬੱਧ ਜਾਂਚ ਕਰਵਾਉਣਾ ਅਤੇ ਚੋਣ ਅਮਲ ਨਾਲ ਜੁੜੇ ਅਹਿਮ ਅੰਕੜਿਆਂ ’ਚ ਪਾਰਦਰਸ਼ਤਾ ਯਕੀਨੀ ਬਣਾਉਣਾ ਸ਼ਾਮਿਲ ਹੈ। ਇਸ ਤੋਂ ਇਲਾਵਾ ਗਿਆਨੇਸ਼ ਕੁਮਾਰ ਦੇ ਅਸਤੀਫ਼ੇ, ਐਸ.ਆਈ.ਆਰ. ਨੂੰ ਫੌਰੀ ਰੋਕਣ ਅਤੇ ਹਟਾਏ ਗਏ 13 ਕਰੋੜ 30 ਲੱਖ ਨਾਂਅ ਮੁੜ ਬਹਾਲ ਕਰਨ ਦੀ ਮੰਗ ਵੀ ਪ੍ਰਸਤਾਵ ’ਚ ਸ਼ਾਮਿਲ ਕੀਤੀ ਗਈ। ਮੀਟਿੰਗ ’ਚ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਸਮੇਤ ਸਾਰੇ ਸੀਨੀਅਰ ਮੈਂਬਰ ਅਤੇ ਕਾਂਗਰਸ ਦੇ ਮੁੱਖ ਮੰਤਰੀ ਸ਼ਾਮਿਲ ਹੋਏ। ਐਸ.ਆਈ.ਆਰ. ਅਤੇ ਵੋਟ ਚੋਰੀ ਨੂੰ ਲੈ ਕੇ ਸ਼ੁਰੂ ਤੋਂ ਹੀ ਹਮਲਾਵਰ ਰਹੇ ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਖੜਗੇ ਨੇ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਉਚੇਚੇ ਤੌਰ ’ਤੇ ਕਿਹਾ ਕਿ ਰਾਹੁਲ ਗਾਂਧੀ ਨੇ ਡੁਪਲੀਕੇਟ ਵੋਟਰਾਂ, ਫਰਜ਼ੀ (ਸ਼ੱਕੀ) ਪਤਿਆਂ, ਇਕ ਹੀ ਪਤੇ ’ਤੇ ਵੱਡੀ ਗਿਣਤੀ ’ਚ ਵੋਟਰਾਂ ਦੇ ਨਾਂਅ ਅਤੇ ਫਾਰਮ 6 ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਦਸਤਾਵੇਜ਼ ਦੇ ਆਧਾਰ ’ਤੇ ਸਵਾਲ ਉਠਾਏ ਸਨ।
ਸੜਕ ਤੋਂ ਸੰਸਦ ਤੱਕ ਲੜਾਈ ਲੜੇਗੀ ਕਾਂਗਰਸ
ਮੀਟਿੰਗ ’ਚ ਕਾਂਗਰਸ ਨੇ ਇਸ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਉਣ ਅਤੇ ਇਸ ਸੰਘਰਸ਼ ਨੂੰ ਸੜਕ ਤੋਂ ਸੰਸਦ ਤੱਕ ਲੈ ਜਾਣ ਦਾ ਫ਼ੈਸਲਾ ਕੀਤਾ ਹਲਕਿਆਂ ਮੁਤਾਬਿਕ ਰਾਹੁਲ ਗਾਂਧੀ ਨੇ ਇਸ ਮੁੱਦੇ ਨੂੰ ਲੈ ਕੇ ਹਮਲਾਵਰ ਹੋਣ ਦੀ ਤਾਗੀਦ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦਬਾਅ ’ਚ ਹਨ ਅਤੇ ਪਾਰਟੀ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਨਾ ਪਵੇਗਾ। ਰਾਹੁਲ ਗਾਂਧੀ ਨੇ ਸਾਬਕਾ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਹਿਨੇ ਸੋਚਿਆ ਸੀ ਕਿ ਉਹ ਅਸਤੀਫ਼ਾ ਦੇਣਗੇ। ਇਸੇ ਤਰ੍ਹਾਂ ਲਗਾਤਾਰ ਮੰਗ ਉਠਾਉਣੀ ਹੋਵੇਗੀ ਅਤੇ ਦਬਾਅ ਬਣਾਈ ਰੱਖਣਾ ਪਵੇਗਾ।
ਭਾਈਵਾਲ ਪਾਰਟੀਆਂ ਨੂੰ ਨਾਲ ਲੈ ਕੇ ਚੱਲੇਗੀ ਕਾਂਗਰਸ
ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਨਾਲ ਜੁੜੇ ਮੁੱਦੇ ’ਤੇ ਭਾਈਵਾਲ ਪਾਰਟੀਆਂ ਨੂੰ ਨਾਲ ਲੈ ਕੇ ਚੱਲਣ ਦੀ ਵੀ ਗੱਲ ਕੀਤੀ। ਹਲਕਿਆਂ ਮੁਤਾਬਿਕ ਜਦੋਂ ਇਸ ਮੁੱਦੇ ’ਤੇ ਕੋਈ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਸੀ ਉਸ ਵੇਲੇ ਕਾਂਗਰਸ ਨੇ ਚੋਣ ਕਮਿਸ਼ਨ ਨਾਲ ਜੁੜੀਆਂ ਕਥਿਤ ਗੜਬੜੀਆਂ ਦਾ ਮੁੱਦਾ ਸਭ ਤੋਂ ਅੱਗੇ ਰਹਿ ਕੇ ਚੁੱਕਿਆ ਸੀ। ਹੁਣ ਕਾਂਗਰਸ ਹੋਰ ਪਾਰਟੀਆਂ ਨੂੰ ਆਪਣੇ ਨਾਲ ਜੋੜ ਕੇ ਮੁੱਦੇ ਨੂੰ ਹੋਰ ਮਜ਼ਬੂਤ ਅਤੇ ਤਿੱਖਾ ਕਰੇਗੀ।
‘ਇੰਡੀਆ’ ਗੱਠਜੋੜ ਦੀ ਬੈਠਕ ਅੱਜ
ਕਾਂਗਰਸ ਦੀ ਮੰਗਲਵਾਰ ਨੂੰ ਹੋਈ ਬੈਠਕ ਤੋਂ ਬਾਅਦ ਪਾਰਟੀ ਨੇ ਅਗਲੇ ਹੀ ਦਿਨ ‘ਇੰਡੀਆ’ ਗੱਠਜੋੜ ਦੀ ਬੈਠਕ ਵੀ ਸੱਦੀ ਹੈ। ਇਸ ਬੈਠਕ ’ਚ ਐਸ.ਆਈ.ਆਰ. ਦੇ ਮੁੱਦੇ ਅਤੇ ਚੋਣ ਕਮਿਸ਼ਨ ਦੇ ਸਾਹਮਣੇ ਆਏ ਮਤਭੇਦਾਂ ’ਤੇ ਚਰਚਾ ਹੋਵੇਗੀ। ਪ੍ਰਾਪਤ ਜਾਣਕਾਰੀ ਮੁਤਾਬਿਕ ਸਮਾਜਵਾਦੀ ਪਾਰਟੀ ਦੇ ਮੁਖੀ ਪਹਿਲਾਂ ਤੋਂ ਤੈਅ ਰੁਝੇਵਿਆਂ ਦੇ ਕਾਰਨ ਬੈਠਕ ’ਚ ਸ਼ਾਮਿਲ ਨਹੀਂ ਹੋਣਗੇ, ਹਾਲਾਂਕਿ ਉਨ੍ਹਾਂ ਦੀ ਥਾਂਅ ’ਤੇ ਪਾਰਟੀ ਦੇ ਸੀਨੀਅਰ ਨੇਤਾ ਇਸ ’ਚ ਸ਼ਾਮਿਲ ਹੋਣਗੇ। ਸ਼ਿਵ ਸੈਨਾ (ਉਧਵ ਧੜੇ) ਦੇ ਮੁਖੀ ਉਧਵ ਠਾਕਰੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਸ਼ਾਮਿਲ ਹੋਣਗੇ। ਪਾਰਟੀ ਨੇਤਾ ਸੰਜੈ ਰਾਉਤ ਮੁਤਾਬਿਕ ਉਧਵ ਠਾਕਰੇ 2 ਅਕਤੂਬਰ ਨੂੰ ਮੁੰਬਈ ’ਚ ਗਿਆਨੇਸ਼ ਕੁਮਾਰ ਦੇ ਖ਼ਿਲਾਫ਼ ਵੱਡੇ ਪ੍ਰਦਰਸ਼ਨ ਦੀਆਂ ਤਿਆਰੀਆਂ ’ਚ ਮਸ਼ਰੂਫ ਹੋਣ ਕਾਰਨ ਵੀਡੀਓ ਕਾਨਫ਼ਰੰਸਿੰਗ ਰਾਹੀਂ ਸ਼ਿਰਕਤ ਕਰਨਗੇ। ਇੰਡੀਆ ਗੱਠਜੋੜ ਦੀ ਬੈਠਕ ’ਚ ਕਾਂਗਰਸ ਵਲੋਂ ਪਾਰਟੀ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਸ਼ਾਮਿਲ ਹੋ ਸਕਦੇ ਹਨ। ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ, ਆਰ.ਜੇ.ਡੀ. ਦੇ ਤੇਜਸਵੀ ਯਾਦਵ, ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਸੀ.ਪੀ.ਆਈ. (ਐਮ) ਦੇ ਜਨਰਲ ਸਕੱਤਰ ਦੇ ਬੈਠਕ ’ਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਹਲਕਿਆਂ ਮੁਤਾਬਿਕ ਬੈਠਕ ’ਚ ਡੀ.ਐਮ.ਕੇ. ਅਤੇ ‘ਆਪ’ ਦੇ ਨੁੰਮਾਇੰਦੇ ਸ਼ਾਮਿਲ ਨਹੀਂ ਹੋਣਗੇ। ਤਾਮਿਲਨਾਡੂ ਵਿਧਾਨ ਸਭਾ ਚੋਣਾਂ ਤੋਂ ਬਾਅਦ ਡੀ.ਐਮ.ਕੇ. ਅਤੇ ਕਾਂਗਰਸ ਦਰਮਿਆਨ ਫ਼ਾਸਲੇ ਵੱਧ ਗਏ ਹਨ ਜਦਕਿ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕਾਂਗਰਸ ਤੋਂ ਦੂਰੀ ਬਣਾਉਂਦੇ ਹੋਏ ਕਿਹਾ ਸੀ ਕਿ ਜਿਥੇ ਕਾਂਗਰਸ ਹੋਵੇਗੀ ਉਥੇ ਉਹ ਸ਼ਾਮਿਲ ਨਹੀਂ ਹੋਵੇਗੀ।
ਹਾਲ ’ਚ ਹੋਈਆਂ ਸਾਰੀਆਂ ਚੋਣਾਂ ਗ਼ੈਰ ਕਾਨੂੰਨੀ-ਰਾਹੁਲ
ਰਾਹੁਲ ਗਾਂਧੀ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ’ਚ ਮੁੱਖ ਚੋਣ ਕਮਿਸ਼ਨਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਪੂਰੀ ਤਰ੍ਹਾਂ ਸਮਝੌਤਾ ਕਰ ਚੁੱਕੇ ਹਨ ਅਤੇ ਦੇਸ਼ ਦੀ ਚੋਣ ਵਿਵਸਥਾ ਫਿਕਸਡ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਹਾਲ ’ਚ ਹੋਈਆਂ ਸਾਰੀਆਂ ਚੋਣਾਂ ਗ਼ੈਰ-ਕਾਨੂੰਨੀ ਹਨ। ਉਨ੍ਹਾਂ ਕਿਹਾ ਕਿ ਭਾਵੇ ਈ.ਵੀ.ਐਮ. ਹੋਵੇ ਜਾਂ ਵੋਟਰ ਸੂਚੀ ਦੋਹਾਂ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਦੋਹਾਂ ਦੀ ਵਰਤੋਂ ਭਾਜਪਾ ਨੂੰ ਚੋਣਾਂ ਜਿਤਾਉਣ ਦੀ ਰਣਨੀਤੀ ਵਜੋਂ ਕੀਤੀ ਜਾ ਰਹੀ ਹੈ। ਹਲਕਿਆਂ ਮੁਤਾਬਿਕ ਰਾਹੁਲ ਗਾਂਧੀ ਨੇ ਆਪਣੇ ਪਾਰਟੀ ਨੇਤਾਵਾਂ ਨੂੰ ਵੀ ਕਿਹਾ ਕਿ ਉਹ ਪਿਛਲੇ ਦੋ ਸਾਲਾਂ ਤੋਂ ਵੋਟ ਚੋਰੀ ਦਾ ਮੁੱਦਾ ਉਠਾ ਰਹੇ ਹਨ, ਪਰ ਪਹਿਲਾਂ ਸਾਡੇ ਲੋਕ ਹੀ ਸਹਿਮਤ ਨਹੀਂ ਦਿਸੇ, ਪਰ ਅੱਜ ਦੋ ਸਾਲ ਬਾਅਦ ਜ਼ਿਆਦਾਤਰ ਲੋਕ ਸਹਿਮਤ ਹਨ। ਹਲਕਿਆਂ ਮੁਤਾਬਿਕ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਪਾਰਟੀ ਦੇ ਕਈ ਨੇਤਾ ਸਿਰਫ਼ ਸਮੀਖਿਆ ’ਚ ਲੱਗੇ ਰਹਿੰਦੇ ਹਨ ਅਤੇ ਐਸ.ਆਈ.ਆਰ. ਦੇ ਮੁੱਦੇ ਨੂੰ ਪੁਰਜ਼ੋਰ ਤਰੀਕੇ ਨਾਲ ਨਹੀਂ ਉਠਾ ਰਹੇ। ਉਨ੍ਹਾਂ ਨੇ ਬੈਠਕ ’ਚ ਨੇਤਾਵਾਂ ਨੂੰ ਆਤਮਵਿਸ਼ਵਾਸ ਦੇ ਨਾਲ ਇਸ ਮੁੱਦੇ ਨੂੰ ਉਠਾਉਣ ਦੇ ਨਿਰਦੇਸ਼ ਦਿੱਤੇ।
ਨੈਤਿਕਤਾ ਦੇ ਆਧਾਰ ’ਤੇ ਅਸਤੀਫ਼ਾ ਦੇਣ ਮੋਦੀ-ਖੜਗੇ
ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ’ਤੇ ਪ੍ਰਧਾਨ ਮੰਤਰੀ ਦੇ ਦਬਾਅ ਹੇਠ ਕੰਮ ਕਰਨ ਅਤੇ ਸੱਤਾ ਧਿਰ ਨੂੰ ਫ਼ਾਇਦਾ ਪਹੁੰਚਾਉਣ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਅਜਿਹੇ ’ਚ ਪ੍ਰਧਾਨ ਮੰਤਰੀ ਮੋਦੀ ਨੂੰ ਖ਼ੁਦ ਨੈਤਿਕਤਾ ਦੇ ਆਧਾਰ ’ਤੇ ਅਸਤੀਫ਼ਾ ਦੇਣਾ ਚਾਹੀਦਾ ਹੈ। ਖੜਗੇ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ’ਚ ਖ਼ੁਦ ਮੁਖਤਿਆਰ ਸੰਸਥਾਵਾਂ ਦੇ ਨਿਰਮਾਣ ’ਚ ਵੱਡੀ ਭੂਮਿਕਾ ਨਿਭਾਈ ਹੈ ਅਤੇ ਅੱਜ ਇਨ੍ਹਾਂ ਸੰਸਥਾਵਾਂ ਦੀ ਸੁਤੰਤਰਤਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸਵਾਲ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਨਹੀਂ, ਸਗੋ ਇਨ੍ਹਾਂ ਦੀ ਭਰੋਸੇਯੋਗਤਾ ਬਰਕਰਾਰ ਰੱਖਣ ਲਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਚੋਣਾਂ ਨੂੰ ਸਿਰਫ਼ ਜਿੱਤ ਜਾਂ ਹਾਰ ਦੀ ਲੜਾਈ ਵਜੋਂ ਨਹੀਂ ਵੇਖਦੀ। ਚੋਣਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਅਤੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ ਪਰ ਲੋਕਤੰਤਰ ਅਤੇ ਸੰਵਿਧਾਨ ਸਥਾਈ ਹਨ।
ਕਾਂਗਰਸ ਚਾਹੁੰਦੀ ਹੈ ਕਿ ਮਰੇ ਹੋਏ ਲੋਕਾਂ ਨੂੰ ਵੋਟਰ ਸੂਚੀ ’ਚ ਸ਼ਾਮਿਲ ਕੀਤਾ ਜਾਵੇ-ਭਾਜਪਾ
ਚੋਣ ਕਮਿਸ਼ਨ ਨੂੰ ਲੈ ਕੇ ਹਮਲਾਵਰ ਹੋਈ ਕਾਂਗਰਸ ਨੂੰ ਲੈ ਕੇ ਭਾਜਪਾ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਲੋਕਤੰਤਰਿਕ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਨੇਤਾ ਸਮ੍ਰਿਤੀ ਈਰਾਨੀ ਨੇ ਪ੍ਰੈੱਸ ਕਾਨਫ਼ਰੰਸ ਰਾਹੀਂ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਅਤੇ ਚੋਣ ਕਮਿਸ਼ਨ ਦਾ ਬਚਾਅ ਕਰਦਿਆਂ ਕਿਹਾ ਕਿ ਕਾਂਗਰਸ ਜਨਤਾ ਦਾ ਭਰੋਸਾ ਗੁਆ ਬੈਠੀ ਹੈ, ਇਸ ਲਈ ਉਹ ਚੋਣ ਕਮਿਸ਼ਨ ਨੂੰ ਨਿਸ਼ਾਨਾ ਬਣਾ ਰਹੀ ਹੈ। ਈਰਾਨੀ ਨੇ ਕਿਹਾ ਕਿ ਕਾਂਗਰਸ ਚਾਹੁੰਦੀ ਹੈ ਕਿ ਮਰੇ ਹੋਏ ਲੋਕਾਂ ਨੂੰ ਵੋਟਰ ਸੂਚੀ ’ਚ ਜੋੜਿਆ ਜਾਵੇ। ਭਾਜਪਾ ਨੇਤਾ ਨੇ ਕਿਹਾ ਕਿ ਕਾਂਗਰਸ ਨੇ ਅੱਜ ਉਨ੍ਹਾਂ 13 ਕਰੋੜ 30 ਲੱਖ ਨਾਵਾਂ ਦਾ ਮੁੱਦਾ ਉਠਾਇਆ ਹੈ ਜਿਸ ਬਾਰੇ 26 ਤਾਰੀਖ ਨੂੰ ਚੋਣ ਕਮਿਸ਼ਨ ਜਵਾਬ ਦੇ ਚੁੱਕਾ ਹੈ।