ਹਸਪਤਾਲ 'ਚੋਂ ਫਰਾਰ ਹੋਇਆ ਜ਼ਖ਼ਮੀ ਗੈਂਗਸਟਰ ਦੂਜੀ ਵਾਰ ਹੋਏ ਮੁਕਾਬਲੇ 'ਚ ਹਲਾਕ <br/>
ਪੁਲਿਸ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਮਨੀ ਪਿੰ੍ਰਸ ਦੀ ਪੁਰਾਣੀ ਤਸਵੀਰ |
<br/>
21-01-2026
ਅੰਮਿ੍ਤਸਰ/ਅਟਾਰੀ ਸਰਹੱਦ, 20 ਜਨਵਰੀ (ਰੇਸ਼ਮ ਸਿੰਘ, ਰਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਕੁਝ ਦਿਨ ਪਹਿਲਾਂ ਪੁਲਿਸ ਮੁਕਾਬਲੇ 'ਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਇਆ ਖਤਰਨਾਕ ਗੈਂਗਸਟਰ ਮਨੀ ਪਿ੍ੰਸ ਉਰਫ ਮਨੀਆ ਸੂਰਮਾ ਜੋ ਕਤਲ ਫਿਰੌਤੀ, ਅਗਵਾ, ਜਬਰੀ ਵਸੂਲੀ ਤੇ ਗੋਲੀਬਾਰੀ ਦੇ 50 ਮਾਮਲਿਆਂ 'ਚ ਲੋਂੜੀਦਾ ਸੀ, ਮੰਗਲਵਾਰ ਨੂੰ ਦੂਜੀ ਵਾਰ ਹੋਏ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ | ਇਸ ਤੋਂ ਪਹਿਲਾਂ ਬੀਤੇ ਦਿਨੀਂ ਹੀ ਉਹ ਪੁਲਿਸ ਮੁਕਾਬਲੇ 'ਚ ਜ਼ਖ਼ਮੀ ਹੋ ਗਿਆ ਸੀ ਤੇ ਉਸਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਤੇ ਉਥੇ ਉਹ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ | ਇਥੇ ਡੀ. ਆਈ. ਜੀ. ਸ੍ਰੀ ਸੰਦੀਪ ਗੋਇਲ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਬਦਨਾਮ ਗੈਂਗਸਟਰ ਕੇਸ਼ਵ ਜੰਡਿਆਲਾ ਦੇ ਗਰੋਹ ਦਾ ਮੁੱਖ ਗੈਂਗਸਟਰ ਮਨੀ ਦੀਆਂ ਅਪਰਾਧਿਕ ਗਤੀਵਿਧੀਆਂ ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਫੈਲੀਆਂ ਹੋਈਆਂ ਸਨ ਤੇ ਉਹ ਅਮਨ ਕਾਨੂੰਨ ਲਈ ਵੱਡਾ ਖ਼ਤਰਾ ਬਣਿਆ ਹੋਇਆ ਸੀ | ਸੰਗਠਤ ਅਪਰਾਧ ਤੇ ਗੈਂਗਸਟਰਾਂ ਖ਼ਿਲਾਫ਼ ਜਾਰੀ ਕੀਤੀ ਮੁਹਿੰਮ ਤਹਿਤ 20 ਜਨਵਰੀ ਨੂੰ ਹੀ ਪੁਲਿਸ ਨੇ ਇਸ ਪੇਸ਼ੇਵਰ ਅਪਰਾਧੀ ਨੂੰ ਮੁਕਾਬਲੇ ਉਪਰੰਤ ਗਿ੍ਫਤਾਰ ਕੀਤਾ ਸੀ | ਜ਼ਿਕਰਯੋਗ ਹੈ ਕਿ 12 ਜਨਵਰੀ ਨੂੰ ਲੋਪੋਕੇ ਥਾਣੇ ਵਿਖੇ ਉਸ ਵਿਰੁੱਧ ਪਰਚਾ ਦਰਜ ਕੀਤਾ ਗਿਆ ਸੀ ਤੇ ਪੁਲਿਸ ਮੁਕਾਬਲੇ 'ਚ ਉਸਨੂੰ ਗੋਲੀ ਲੱਗੀ ਸੀ | ਜਿਸ ਉਪਰੰਤ ਉਸਨੂੰ ਗਿ੍ਫਤਾਰ ਕਰ ਲਿਆ ਗਿਆ ਤੇ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਦੀ ਨਿਗਰਾਨੀ ਲਈ ਇਕ ਥਾਣੇਦਾਰ ਸਮੇਤ 2 ਪੁਲਿਸ ਮੁਲਾਜ਼ਮਾਂ ਦੀ ਡਿਊਟੀ ਸੀ ਜਦੋਂ ਕਿ ਉਹ ਫਰਾਰ ਹੋ ਗਿਆ | ਥਾਣਾ ਮਜੀਠਾ ਰੋਡ ਦੀ ਪੁਲਿਸ ਵਲੋਂ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਵੀ ਨਾਮਜ਼ਦ ਕੀਤਾ ਸੀ ਤੇ ਪਰਚਾ ਦਰਜ ਹੋਣ ਉਪਰੰਤ ਮੁਲਜ਼ਮ ਦੀ ਸਰਗਰਮੀ ਨਾਲ ਭਾਲ ਸ਼ੁਰੂ ਕੀਤੀ, ਜਿਸ ਤਹਿਤ ਘਰਿੰਡਾ ਖੇਤਰ 'ਚ ਮੋਟਰਸਾਈਕਲ ਸਵਾਰ ਨੌਜਵਾਨ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਹਫੜਾ ਦਫੜੀ 'ਚ ਉਸਦਾ ਮੋਟਰਸਾਈਕਲ ਡਿੱਗ ਪਿਆ ਤੇ ਉਸਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ | ਜਵਾਬੀ ਗੋਲੀਆਂ 'ਚ ਉਹ ਪੁਲਿਸ ਦੀ ਗੋਲੀ ਨਾਲ ਜ਼ਖ਼ਮੀ ਹੋ ਗਿਆ, ਜਿਸ ਦੀ ਹਸਪਤਾਲ ਨੂੰ ਲੈ ਕੇ ਜਾਂਦੇ ਸਮੇਂ ਮੌਤ ਹੋ ਗਈ | ਇਸ ਮੌਕੇ ਐੱਸ. ਐੱਸ. ਪੀ. ਸੁਹੇਲ ਕਾਸਿਮ ਮੀਰ ਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ |