ਮੁੰਬਈ- ਬਾਲੀਵੁੱਡ ਅਦਾਕਾਰਾਂ ਨੂੰ ਗੈਂਗਸਟਰਾਂ ਵਲੋਂ ਧਮਕੀਆਂ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਟਾਈਗਰ ਸ਼ਰਾਫ ਦੇ ਘਰ ਦੇ ਬਾਹਰ ਫਾਇਰਿੰਗ ਅਤੇ ਅਮਿਤਾਭ ਬੱਚਨ ਨੂੰ ਧਮਕੀ ਮਿਲਣ ਤੋਂ ਬਾਅਦ ਹੁਣ ਅਦਾਕਾਰ ਸੈਫ ਅਲੀ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ’ਤੇ ਇਕ ਕਥਿਤ ਆਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਸੈਫ ਅਲੀ ਖ਼ਾਨ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਜਾ ਰਹੀ ਹੈ।
ਇਸ ਧਮਕੀ ਪਿੱਛੇ ਰੋਹਿਤ ਗੋਦਾਰਾ ਗੈਂਗ ਦਾ ਹੱਥ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਵਾਇਰਲ ਆਡੀਓ 'ਚ ਧਮਕੀ ਦੇਣ ਵਾਲਾ ਵਿਅਕਤੀ ਆਪਣੀ ਪਛਾਣ ਗੈਂਗ ਦੇ ਕਰੀਬੀ ਅਤੇ ਬਾਬਾ ਸਿੱਦੀਕੀ ਕਤਲ ਕਾਂਡ ਦੇ ਮੁਲਜ਼ਮ ਜੀਸ਼ਾਨ ਅਖ਼ਤਰ ਵਜੋਂ ਦੱਸ ਰਿਹਾ ਹੈ। ਹਾਲਾਂਕਿ ਇਸ ਦਾਅਵੇ ਦੀ ਅਜੇ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਵਾਇਰਲ ਆਡੀਓ 'ਚ ਕਰੀਨਾ ਕਪੂਰ ਦਾ ਵੀ ਕੀਤਾ ਜ਼ਿਕਰ
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਕਥਿਤ ਆਡੀਓ ਵਿਚ ਵਿਅਕਤੀ ਸੈਫ ਅਲੀ ਖ਼ਾਨ ਨੂੰ ਧਮਕਾਉਂਦਾ ਹੋਇਆ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਉਨ੍ਹਾਂ ਦੀ ਪਤਨੀ ਕਰੀਨਾ ਕਪੂਰ ਤੋਂ ਹੋਈ ਕਿਸੇ ਗਲਤੀ ਦੀ ਸਜ਼ਾ ਉਨ੍ਹਾਂ ਨੂੰ ਨਾ ਭੁਗਤਣੀ ਪੈ ਜਾਵੇ। ਇਸ ਤੋਂ ਇਲਾਵਾ ਆਡੀਓ ਵਿਚ ਸੈਫ ਅਲੀ ਖ਼ਾਨ ’ਤੇ ਪਹਿਲਾਂ ਹੋਏ ਚਾਕੂ ਹਮਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਬਾਬਾ ਸਿੱਦੀਕੀ ਵਰਗਾ ਹਾਲ ਕਰਨ ਦੀ ਧਮਕੀ ਵੀ ਦਿੱਤੀ ਗਈ ਹੈ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਵਲੋਂ ਵਾਇਰਲ ਆਡੀਓ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਆਡੀਓ ਵਿਚ ਆਵਾਜ਼ ਕਿਸ ਦੀ ਹੈ ਅਤੇ ਕੀ ਇਸ ਧਮਕੀ ਪਿੱਛੇ ਸੱਚਮੁੱਚ ਜੀਸ਼ਾਨ ਅਖ਼ਤਰ ਦਾ ਹੱਥ ਹੈ ਜਾਂ ਕਿਸੇ ਹੋਰ ਵਿਅਕਤੀ ਵਲੋਂ ਉਸ ਦਾ ਨਾਮ ਵਰਤਿਆ ਜਾ ਰਿਹਾ ਹੈ।
ਫਿਲਮੀ ਹਸਤੀਆਂ ਨੇ ਸੁਰੱਖਿਆ ਵਧਾਉਣ ਦੀ ਕੀਤੀ ਮੰਗ
ਲਗਾਤਾਰ ਮਿਲ ਰਹੀਆਂ ਧਮਕੀਆਂ ਅਤੇ ਹਮਲਿਆਂ ਦੀਆਂ ਘਟਨਾਵਾਂ ਤੋਂ ਬਾਅਦ ਮੁੰਬਈ ਦੇ ਕਈ ਫਿਲਮੀ ਅਦਾਕਾਰਾਂ ਵਲੋਂ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਖ਼ਤਰੇ ਦੇ ਪੱਧਰ ਦੀ ਸਮੀਖਿਆ ਕਰਨ ਤੋਂ ਬਾਅਦ ਕੁਝ ਅਦਾਕਾਰਾਂ ਨੂੰ 'ਐਕਸ-ਸ਼੍ਰੇਣੀ' ਦੀ ਸੁਰੱਖਿਆ ਦਿੱਤੇ ਜਾਣ ਦੀ ਸੰਭਾਵਨਾ ਹੈ।
ਫਿਲਹਾਲ ਮੁੰਬਈ ਪੁਲਿਸ ਦੀ ਪ੍ਰੋਟੈਕਸ਼ਨ ਬ੍ਰਾਂਚ ਵਲੋਂ ਮਿਲੀਆਂ ਸੁਰੱਖਿਆ ਸਬੰਧੀ ਅਰਜ਼ੀਆਂ ਅਤੇ ਧਮਕੀਆਂ ਦੀ ਜਾਂਚ ਕੀਤੀ ਜਾ ਰਹੀ ਹੈ।