ਨਵੀਂ ਦਿੱਲੀ, 18 ਨਵੰਬਰ (ਉਪਮਾ ਡਾਗਾ ਪਾਰਥ)- ਤ੍ਰਿਣਮੂਲ ਕਾਂਗਰਸ ਦੇ ਬਾਗੀ ਧੜੇ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਆਖ਼ਰੀ ਚਿਤਾਵਨੀ ਦਿੰਦਿਆਂ ਆਪਣਾ ਪੱਖ ਰੱਖਣ ਲਈ 24 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ ਜਿਸ ਤੋਂ ਬਾਅਦ ਅਯੋਗਤਾ ਦੇ ਮਾਮਲੇ ’ਚ ਅੱਗੇ ਦੀ ਕਾਰਵਾਈ ਸ਼ੁਰੂ ਹੋ ਸਕਦੀ ਹੈ। ਟੀ.ਐਮ.ਸੀ. ਦੇ 20 ਬਾਗੀ ਸੰਸਦ ਮੈਂਬਰਾਂ ਦੇ ਖ਼ਿਲਾਫ਼ ਪਾਰਟੀ ਨੇਤਾ ਅਭਿਸ਼ੇਕ ਬੈਨਰਜੀ ਨੇ ਲੋਕ ਸਭਾ ਸਪੀਕਰ ਅੱਗੇ ਅਯੋਗਤਾ ਪਟੀਸ਼ਨ ਦਾਖ਼ਲ ਕੀਤੀ ਹੈ। ਇਸ ਮਾਮਲੇ ’ਚ ਹੁਣ ਤੱਕ 5 ਸੰਸਦ ਮੈਂਬਰ ਜਵਾਬ ਦੇ ਚੁੱਕੇ ਹਨ। ਹਲਕਿਆਂ ਮੁਤਾਬਿਕ ਸੁਦੀਪ ਬੋਧੋਪਾਧਿਆਏ, ਕਾਕੋਲੀ ਘੋਸ਼ ਅਤੇ ਸ਼ਤਾਬਦੀ ਰਾਏ ਸਮੇਤ 5 ਸੰਸਦ ਮੈਂਬਰਾਂ ਨੇ ਆਪਣਾ ਪੱਖ ਸਪੀਕਰ ਅੱਗੇ ਰੱਖ ਦਿੱਤਾ ਹੈ ਜਦਕਿ ਬਾਕੀ 15 ਸੰਸਦ ਮੈਂਬਰਾਂ ਨੇ ਅਜੇ ਤੱਕ ਆਪਣਾ ਜਵਾਬ ਨਹੀਂ ਦਿੱਤਾ। ਲੋਕ ਸਭਾ ਸਕੱਤਰੇਤ ਪਹਿਲਾਂ 4 ਵਾਰ ਜਵਾਬ ਦਾਖ਼ਲ ਕਰਨ ਦੀ ਸਮਾਂ ਹੱਦ ਵਧਾ ਚੁੱਕਾ ਹੈ। ਸਪੀਕਰ ਬਿਰਲਾ ਨੇ ਪੰਜਵੀਂ ਵਾਰ ਸਮਾਂ ਵਧਾਉਂਦੇ ਹੋਏ ਨਾਲ ਚਿਤਾਵਨੀ ਵੀ ਦਿੱਤੀ ਕਿ ਇਸ ਤੋਂ ਬਾਅਦ ਹੋਰ ਸਮਾਂ ਨਹੀਂ ਮਿਲੇਗਾ। ਹਲਕਿਆਂ ਮੁਤਾਬਿਕ ਜਿਨ੍ਹਾਂ 5 ਸੰਸਦ ਮੈਂਬਰਾਂ ਨੇ ਜਵਾਬ ਦਿੱਤਾ ਹੈ ਉਨ੍ਹਾਂ ਕਿਹਾ ਕਿ ਟੀ.ਐਮ.ਸੀ. 28 ’ਚੋਂ ਵੱਖ ਹੋਏ 20 ਸੰਸਦ ਮੈਂਬਰ ਵੱਖਰੀ ਪਾਰਟੀ ਵਜੋਂ ਮਾਨਤਾ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਨਾ ਤਾਂ ਮੂਲ ਸਿਆਸੀ ਪਾਰਟੀ ’ਤੇ ਆਪਣਾ ਦਾਅਵਾ ਕਰ ਰਹੇ ਹਨ ਅਤੇ ਨਾ ਹੀ ਉਸ ਦੇ ਚੋਣ ਨਿਸ਼ਾਨ ’ਤੇ। ਉਨ੍ਹਾਂ ਐਨ.ਸੀ.ਪੀ.ਆਈ. ਨਾਲ ਮਿਲ ਕੇ ਇਕ ਨਵਾਂ ਸਮੂਹ ਬਣਾਇਆ ਹੈ ਅਤੇ ਕਿਹਾ ਹੈ ਕਿ ਸੰਵਿਧਾਨ ਤਹਿਤ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ।