ਫਗਵਾੜਾ, 4 ਦਸੰਬਰ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਦਰਵੇਸ਼ ਪਿੰਡ ਵਿਖੇ ਆਪ ਆਗੂ ਦੇ ਘਰ 'ਤੇ ਹੋਈ ਫਾਇਰਿੰਗ ਦੇ ਮਾਮਲੇ 'ਚ ਪੁਲਿਸ ਵਲੋਂ ਪੋ੍ਰਡਕਸ਼ਨ ਵਾਰੰਟ 'ਤੇ ਲਿਆਂਦੇ ਗੈਂਗਸਟਰ ਵੀਰਿੰਦਰ ਪ੍ਰਤਾਪ ਸਿੰਘ ਉਰਫ਼ ਕਾਲਾ ਰਾਣਾ ਨੂੰ ਅੱਜ ਮੁੜ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਵਲੋਂ ਉਸ ਨੂੰ ਮੁੜ ਜੇਲ੍ਹ ਭੇਜਣ ਦੇ ਹੁਕਮ ਜਾਰੀ ਕੀਤੇ ਹਨ ਤੇ ਉਸ ਨੂੰ ਵਾਪਸ ਗੁਰਗ੍ਰਾਮ ਦੀ ਭੋਂਦਸੀ ਜੇਲ੍ਹ ਭੇਜ ਦਿੱਤਾ ਗਿਆ ਹੈ | ਰਾਣਾ 'ਤੇ 27 ਨਵੰਬਰ ਦੀ ਰਾਤ ਨੂੰ ਆਪ ਆਗੂ ਦਲਜੀਤ ਰਾਜੂ ਦੇ ਘਰ 'ਚ ਹੋਈ ਫਾਇਰਿੰਗ ਦੇ ਮਾਮਲੇ 'ਚ ਸ਼ਮੂਲੀਅਤ ਸਾਹਮਣੇ ਆ ਰਹੀ ਸੀ | ਜਾਂਚ ਦੌਰਾਨ ਉਸਦੀ ਕੜੀ ਇਸ ਮਾਮਲੇ ਨਾਲ ਜੁੜੀ ਮਿਲਣ ਤੋਂ ਬਾਅਦ ਪੁਲਿਸ ਨੇ ਉਸਨੂੰ ਇਸ ਕੇਸ 'ਚ ਨਾਮਜ਼ਦ ਕੀਤਾ ਸੀ | ਦੂਸਰੇ ਪਾਸੇ ਪੁਲਿਸ ਨੇ ਗਿ੍ਫ਼ਤਾਰ ਕੀਤੇ ਤਿੰਨੋਂ ਦੋਸ਼ੀਆਂ ਘਣਸ਼ਿਆਮ ਤਿਵਾੜੀ, ਉਸਦੀ ਮਾਤਾ ਨੀਰਜ ਕੁਮਾਰੀ ਤੇ ਭਰਾ ਦੀਪਕ ਤਿਵਾੜੀ ਨੂੰ ਅੱਜ ਮੁੜ ਅਦਾਲਤ 'ਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਇਨ੍ਹਾਂ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਹੈ | ਐਸ.ਪੀ. ਮਾਧਵੀ ਸ਼ਰਮਾ ਨੇ ਕਿਹਾ ਕਿ ਪੁਲਿਸ ਵੱਖ ਵੱਖ ਪੱਖਾਂ ਤੋਂ ਜਾਂਚ ਕਰ ਰਹੀ ਹੈ |