ਕਪੂਰਥਲਾ, 4 ਦਸੰਬਰ (ਸਡਾਨਾ)-ਜਾਅਲੀ ਜ਼ਮਾਨਤਾਂ ਸੰਬੰਧੀ ਦਰਜ ਹੋਏ ਇਕ ਮਾਮਲੇ ਵਿਚ ਅੱਜ ਥਾਣਾ ਸਦਰ ਪੁਲਿਸ ਨੇ ਇਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਕਥਿਤ ਦੋਸ਼ੀ ਸੋਨੂੰ ਨਾਹਰ ਵਾਸੀ ਮਹਿਤਾਬਗੜ੍ਹ ਵਿਰੁੱਧ ਸਾਲ 2021 ਦੌਰਾਨ ਥਾਣਾ ਤਲਵੰਡੀ ਚੌਧਰੀਆਂ ਵਿਖੇ ਐਨ.ਡੀ.ਪੀ.ਐਸ. ਐਕਟ ਦਾ ਕੇਸ ਦਰਜ ਹੋਇਆ ਸੀ, ਜਿਸ ਵਿਚ ਉਸ ਦੀ ਮਾਤਾ ਬੀਰੋ ਨੇ ਜ਼ਮਾਨਤੀਆਂ ਦਾ ਪ੍ਰਬੰਧ ਕਰਕੇ ਆਪਣੇ ਲੜਕੇ ਦੀ ਜ਼ਮਾਨਤ ਕਰਵਾਈ | ਜਿਸ ਵਿਚ ਕਮਲ ਕੁਮਾਰ ਉਰਫ਼ ਬਿੱਟੂ ਵਾਸੀ ਉੱਚਾ ਧੋੜਾ ਦੀ ਗਵਾਹੀ ਵੀ ਹੋਈ, ਪਰ ਜ਼ਮਾਨਤ ਤੋਂ ਕੁੱਝ ਸਮੇਂ ਬਾਅਦ ਸੋਨੂੰ ਨਾਹਰ ਅਦਾਲਤ ਦੀ ਕਾਰਵਾਈ ਵਿਚੋਂ ਗੈਰ ਹਾਜ਼ਰ ਹੋ ਗਿਆ | ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਾਇੰਸ ਸਿਟੀ ਚੌਂਕੀ ਇੰਚਾਰਜ ਏ.ਐਸ.ਆਈ. ਲਖਬੀਰ ਸਿੰਘ ਨੇ ਦੱਸਿਆ ਕਿ ਸੋਨੂੰ ਨਾਹਰ ਦੀ ਗੈਰ ਹਾਜ਼ਰੀ ਤੋਂ ਬਾਅਦ ਅਦਾਲਤ ਵਲੋਂ ਇਸ ਕੇਸ ਵਿਚ ਜ਼ਮਾਨਤੀਆਂ ਨੂੰ ਸੰਮਨ ਕੀਤੇ ਗਏ, ਜੋ ਕਿ ਜਾਂਚ ਦੌਰਾਨ ਜਾਅਲੀ ਪਾਏ ਗਏ ਤੇ ਇਸ ਮਾਮਲੇ ਵਿਚ ਪਹਿਲਾਂ ਦਰਜ ਹੋਏ ਮੁਕੱਦਮੇ ਤਹਿਤ ਜ਼ਮਾਨਤ ਦਾ ਪ੍ਰਬੰਧ ਕਰਨ ਵਾਲੀ ਸੋਨੂੰ ਨਾਹਰ ਦੀ ਮਾਤਾ ਬੀਰੋ ਵਾਸੀ ਮਹਿਤਾਬਗੜ ਤੇ ਗਵਾਹ ਕਮਲ ਕੁਮਾਰ ਨੂੰ ਇਸ ਕੇਸ ਵਿਚ ਨਾਮਜ਼ਦ ਕਰਕੇ ਗਿ੍ਫ਼ਤਾਰ ਕੀਤਾ ਗਿਆ | ਉਨਾਂ ਦੱਸਿਆ ਕਿ ਜਿਸ ਵਿਅਕਤੀ ਨੂੰ ਨੰਬਰਦਾਰ ਅਤੇ ਜ਼ਮਾਨਤੀ ਬਣਾ ਕੇ ਜ਼ਮਾਨਤ ਕਰਵਾਈ ਗਈ ਸੀ, ਇਹ ਦੋਵੇਂ ਹੀ ਜਾਅਲੀ ਪਾਏ ਗਏ | ਏ.ਐਸ.ਆਈ. ਲਖਬੀਰ ਸਿੰਘ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਇਨਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ |