27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਨਾਮਜ਼ਦਗੀਆਂ ਦੇ ਅਖੀਰਲੇ ਦਿਨ ਕਾਂਗਰਸੀਆਂ ਦੇ ਘਰੇ ਪੁਲਿਸ ਦੀ ਛਾਪੇਮਾਰੀ

ਅਜੀਤ ਡੈਸਕ 05-12-2025
ਨਡਾਲਾ, 4 ਦਸੰਬਰ (ਰਘਬਿੰਦਰ ਸਿੰਘ)-ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਲਾਕੇ ਦੀ ਪੁਲਿਸ ਵਲੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕੀਤੀਆਂ ਗਈਆਂ ਗੈਰਕਾਨੂੰਨੀ ਕਾਰਵਾਈਆਂ ਦੀ ਤਿੱਖੀ ਨਿੰਦਾ ਕੀਤੀ ਹੈ | ਖਹਿਰਾ ਨੇ ਦੋਸ਼ ਲਗਾਇਆ ਕਿ ਸਰਕਾਰ ਦੇ ਇਸ਼ਾਰੇ 'ਤੇ ਪੁਲਿਸ , ਕਾਂਗਰਸੀ ਉਮੀਦਵਾਰਾਂ ਅਤੇ ਵਰਕਰਾਂ ਨੂੰ ਝੂਠੇ ਕੇਸਾਂ 'ਚ ਫਸਾ ਕੇ ਚੋਣ ਮੈਦਾਨ ਤੋਂ ਬਾਹਰ ਕਰਨ ਦੀ ਸਾਜ਼ਿਸ਼ ਕਰ ਰਹੀ ਹੈ | ਖਹਿਰਾ ਨੇ ਖ਼ਾਸ ਤੌਰ 'ਤੇ ਥਾਣਾ ਸੁਭਾਨਪੁਰ 'ਚ ਦਰਜ ਐਫਆਈਆਰ ਨੰਬਰ 251 ਦਾ ਜ਼ਿਕਰ ਕੀਤਾ, ਜੋ ਕਥਿਤ ਹੜ੍ਹ ਰਾਹਤ ਸਮੱਗਰੀ ਚੋਰੀ ਮਾਮਲੇ 'ਚ ਚਾਰ ਮਹੀਨਿਆਂ ਬਾਅਦ ਕੇਵਲ ਕਾਂਗਰਸ ਸਮਰਥਕਾਂ ਨੂੰ ਡਰਾਉਣ ਤੇ ਚੋਣ ਲੜਨ ਤੋਂ ਰੋਕਣ ਲਈ ਦਰਜ ਕੀਤੀ ਗਈ ਸੀ | ਖਹਿਰਾ ਨੇ ਦੱਸਿਆ ਕਿ 4 ਦਸੰਬਰ ਸਵੇਰੇ ਇੰਚਾਰਜ ਚੌਕੀ ਬਲਜਿੰਦਰ ਸਿੰਘ ਨਡਾਲਾ ਨੇ ਤਕਰੀਬਨ 10 ਪੁਲਿਸ ਕਰਮਚਾਰੀਆਂ ਨਾਲ ਮਿਲ ਕੇ ਗੁਰਜੀਤ ਸਿੰਘ ਪਿੰਡ ਚੱਕੋਕੀ, ਕਾਂਗਰਸ ਉਮੀਦਵਾਰ ਬਲਾਕ ਸੰਮਤੀ ਜ਼ੋਨ ਚੱਕੋਕੀ ਦੇ ਘਰ 'ਤੇ ਅਚਾਨਕ ਛਾਪੇਮਾਰੀ ਕੀਤੀ ਤਾਂ ਜੋ ਉਸ ਨੂੰ ਅੱਜ ਨਾਮਜ਼ਦਗੀ ਭਰਨ ਤੋਂ ਰੋਕਿਆ ਜਾ ਸਕੇ | ਇਹ ਰੇਡ ਉਸ ਦੇ ਬਾਵਜੂਦ ਕੀਤੀ ਗਈ ਕਿ ਗੁਰਜੀਤ ਸਿੰਘ ਅਤੇ ਹੋਰ ਨੂੰ 2 ਦਸੰਬਰ 2025 ਨੂੰ ਸੈਸ਼ਨ ਜੱਜ-1 ਕਪੂਰਥਲਾ ਦੀ ਅਦਾਲਤ ਵਲੋਂ ਅਗਾਊਾ ਜ਼ਮਾਨਤ ਮਿਲ ਚੁੱਕੀ ਸੀ ਅਤੇ ਅਦਾਲਤ ਨੇ ਸਾਫ਼ ਕਿਹਾ ਸੀ ਕਿ ਹੁਣ ਪੁਲਿਸ ਰਿਮਾਂਡ ਦੀ ਲੋੜ ਨਹੀਂ ਹੈ | ਖਹਿਰਾ ਨੇ ਇਸ ਕਾਰਵਾਈ ਨੂੰ ਅਦਾਲਤੀ ਹੁਕਮਾਂ ਦੀ ਖੁੱਲ੍ਹੀ ਉਲੰਘਣਾ ਅਤੇ 'ਚੱਕੋਕੀ ਪਿੰਡ ਦੇ ਆਪ ਉਮੀਦਵਾਰ ਦੀ ਮਦਦ ਲਈ ਕੀਤਾ ਗਿਆ ਸਿਆਸੀ ਰੇਡ' ਕਰਾਰ ਦਿੱਤਾ | ਵਿਧਾਇਕ ਖਹਿਰਾ ਨੇ ਦੱਸਿਆ ਕਿ ਐਸ ਐਚ ਓ ਸੁਭਾਨਪੁਰ ਅਤੇ ਚੌਕੀ ਇੰਚਾਰਜ ਨਡਾਲਾ ਵਲੋਂ ਕਾਂਗਰਸ ਪਾਰਟੀ ਦੇ ਹੋਰ ਆਗੂਆਂ ਨੂੰ ਵੀ ਜਾਣਬੁੱਝ ਕੇ ਇਸੇ ਝੂਠੀ ਐਫਆਈਆਰ ਵਿਚ ਨਾਮਜ਼ਦ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਚੋਣ ਪ੍ਰਚਾਰ ਵਿਚ ਹਿੱਸਾ ਨਾ ਲੈ ਸਕਣ | ਖਹਿਰਾ ਨੇ ਦੋਸ਼ ਲਗਾਇਆ ਕਿ ਇਹ ਨਵੀਆਂ ਨਾਮਜ਼ਦਗੀਆਂ ਆਪ ਸਰਪੰਚ ਜਗਤਾਰ ਸਿੰਘ (ਚੱਕੋਕੀ ਜ਼ੋਨ 'ਆਪ' ਉਮੀਦਵਾਰ) ਦੇ ਦਬਾਅ ਹੇਠ ਕੀਤੀਆਂ ਗਈਆਂ ਹਨ | ਖਹਿਰਾ ਨੇ ਕਿਹਾ ਕਿ ਇਹ ਸਭ ਪੁਲਿਸ ਦੀ ਦਹਿਸ਼ਤ ਅਤੇ ਸਿਆਸੀ ਸਾਜ਼ਿਸ਼ ਦਾ ਹਿੱਸਾ ਹੈ | ਖਹਿਰਾ ਨੇ ਮੰਗ ਕੀਤੀ ਹੈ ਕਿ ਏ ਐਸ.ਆਈ. ਬਲਜਿੰਦਰ ਸਿੰਘ ਅਤੇ ਛਾਪੇਮਾਰੀ ਵਿਚ ਸ਼ਾਮਿਲ ਸਾਰੇ ਪੁਲਿਸ ਕਰਮਚਾਰੀਆਂ ਨੂੰ ਤੁਰੰਤ ਸਸਪੈਂਡ ਅਤੇ ਟਰਾਂਸਫ਼ਰ ਕੀਤਾ ਜਾਵੇ, ਥਾਣਾ ਮੁਖੀ ਸੁਭਾਨਪੁਰ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ | ਖਹਿਰਾ ਨੇ ਆਖਿਆ ਕਿ ਜਦੋਂ ਪੁਲਿਸ ਹੀ ਸਿਆਸੀ ਤਾਕਤਾਂ ਦਾ ਹਥਿਆਰ ਬਣ ਜਾਵੇ, ਤਾਂ ਨਿਰਪੱਖ ਚੋਣਾਂ ਸੰਭਵ ਨਹੀਂ ਰਹਿੰਦੀਆਂ | ਮੈਂ ਕਮਿਸ਼ਨ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਹੀ ਕਾਰਵਾਈ ਕਰਕੇ ਲੋਕਤੰਤਰ ਦੀ ਰੱਖਿਆ ਕੀਤੀ ਜਾਵੇ | ਇਸ ਸਬੰਧੀ ਜਦੋਂ ਥਾਣਾ ਸੁਭਾਨਪੁਰ ਮੁਖੀ ਬਿਕਰਮਜੀਤ ਸਿੰਘ ਤੇ ਚੌਕੀ ਇੰਚਾਰਜ ਨਡਾਲਾ ਬਲਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ 251 ਨੰ ਮੁਕੱਦਮੇ ਤਹਿਤ ਛਾਪੇਮਾਰੀ ਕੀਤੀ ਗਈ ਸੀ ਤੇ ਨਾਮਜ਼ਦ ਵਿਅਕਤੀਆਂ ਨੇ ਆਖਿਆ ਕਿ ਸਾਡੇ ਕੋਲ ਜ਼ਮਾਨਤ ਆਡਰ ਹਨ , ਉਹ ਚੈੱਕ ਕੀਤੇ ਗਏ ਸਨ | ਜਦੋਂ (ਚੱਕੋਕੀ ਦੇ ਸਰਪੰਚ ਜਗਤਾਰ ਸਿੰਘ ਹੈਪੀ ਖੱਦਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਦਾ ਫ਼ੋਨ ਬੰਦ ਮਿਲਿਆ |
ਪਿਛਲੀ ਖ਼ਬਰ ਅਦਾਲਤ 'ਚ ਜਾਅਲੀ ਜ਼ਮਾਨਤਾਂ ਪੇਸ਼ ਕਰਨ ਦੇ ਮਾਮਲੇ 'ਚ ਦਰਜ ਹੋਏ ਕੇਸ 'ਚ 2 ਗਿ੍ਫ਼ਤਾਰ ਅਗਲੀ ਖ਼ਬਰ ਨਸ਼ੇ 'ਚ ਚੰਡੀਗੜ੍ਹ ਪੁਲਿਸ ਦਾ ਏ. ਐੱਸ. ਆਈ. ਕਾਬੂ ਤੋਂ ਬਾਹਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।