ਜਲੰਧਰ, 8 ਦਸੰਬਰ (ਜਸਪਾਲ ਸਿੰਘ)-ਨਾਰਥ ਜ਼ੋਨ ਵਾਈਸ ਚਾਂਸਲਰਜ਼ ਦੀ 2 ਦਿਨਾਂ ਸੰਮੇਲਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ 9 ਤੇ 10 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏਆਈਯੂ) ਦੇ ਪ੍ਰਧਾਨ ਵਿਨੈ ਕੁਮਾਰ ਪਾਠਕ, ਜਨਰਲ ਸਕੱਤਰ ਡਾ. (ਸ੍ਰੀਮਤੀ) ਪੰਕਜ ਮਿੱਤਲ ਤੇ ਐਲ. ਪੀ. ਯੂ. ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਦੱਸਿਆ ਕਿ ਏਆਈਯੂ ਵਲੋਂ ਕਰਵਾਈ ਜਾ ਰਹੀ ਇਸ ਕਾਨਫਰੰਸ ਦਾ ਥੀਮ 'ਪਾਠਕ੍ਰਮ ਅਤੇ ਖੋਜ ਵਿੱਚ ਰਵਾਇਤੀ ਗਿਆਨ ਨੂੰ ਜੋੜਨਾ' ਹੈ | ਇਸ ਕਾਨਫਰੰਸ ਦਾ ਉਦਘਾਟਨ ਮੁੱਖ ਮਹਿਮਾਨ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵਲੋਂ 9 ਤਰੀਕ ਨੂੰ ਸਵੇਰੇ 10:00 ਵਜੇ ਕੀਤਾ ਜਾਵੇਗਾ | ਜਦਕਿ ਇਸ ਕਾਨਫਰੰਸ ਨੂੰ ਰਾਜ ਸਭਾ ਮੈਂਬਰ ਤੇ ਐਲ. ਪੀ. ਯੂ. ਤੇ ਸੰਸਥਾਪਕ ਚਾਂਸਲਰ ਡਾ. ਅਸ਼ੋਕ ਮਿੱਤਲ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਵਿਸ਼ੇਸ਼ ਤੌਰ 'ਤੇ ਸੰਬੋਧਨ ਕਰਨਗੀਆਂ | ਇਸ ਮੌਕੇ ਭਾਰਤੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਭਾਰਤ ਸਰਕਾਰ ਦੇ ਮੰਤਰਾਲਿਆਂ ਦੇ ਅਧਿਕਾਰੀ, ਯੂਜੀਸੀ, ਏਆਈਸੀਟੀਈ, ਐਨਏਏਸੀ ਤੇ ਆਈਸੀਏਆਰ ਆਦਿ ਵਰਗੀਆਂ ਸਿਖਰਲੀਆਂ ਸੰਸਥਾਵਾਂ ਦੇ ਅਧਿਕਾਰੀ ਅਤੇ ਕਈ ਸਿੱਖਿਆ ਸ਼ਾਸਤਰੀ ਇਸ ਮੀਟਿੰਗ ਵਿੱਚ ਬੁਲਾਰੇ ਅਤੇ ਸੈਸ਼ਨ ਚੇਅਰ ਹੋਣਗੇ | 2 ਦਿਨਾ ਸਮਾਗਮ 'ਚ 3 ਤਕਨੀਕੀ ਸੈਸ਼ਨ ਹੋਣਗੇ, ਤਕਨੀਕੀ ਸੈਸ਼ਨ 1 ਵਿਚ ਅੰਤਰ-ਅਨੁਸ਼ਾਸਨੀ ਖੋਜ ਜੋ ਪ੍ਰਾਚੀਨ ਗਿਆਨ ਨੂੰ ਆਧੁਨਿਕ ਵਿਗਿਆਨ ਅਤੇ ਤਕਨਾਲੋਜੀ ਨਾਲ ਜੋੜਦੀ ਹੈ ਬਾਰੇ ਵਿਚਾਰ ਚਰਚਾ ਹੋਵੇਗੀ, ਜਦਕਿ ਤਕਨੀਕੀ ਸੈਸ਼ਨ 2 ਭਾਰਤੀ ਗਿਆਨ ਪ੍ਰਣਾਲੀ ਨੂੰ ਪਾਠਕ੍ਰਮ ਅਤੇ ਫੈਕਲਟੀ ਵਿਕਾਸ ਵਿੱਚ ਏਕੀਕਿ੍ਤ ਕਰਨ ਬਾਰੇ ਹੋਵੇਗਾ | ਤਕਨੀਕੀ ਸੈਸ਼ਨ 3 ਆਈਕੇਐਸ ਦੇ ਭਵਿੱਖਵਾਦੀ ਮਾਪ ਨਾਲ ਸੰਬੰਧਿਤ ਹੋਵੇਗਾ |