ਜਲੰਧਰ, 8 ਦਸੰਬਰ (ਐੱਮ. ਐੱਸ. ਲੋਹੀਆ)-ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਇੱਥੇ ਗੁਲਾਬ ਦੇਵੀ ਹਸਪਤਾਲ ਵਿਖੇ ਲਾਲਾ ਲਾਜਪਤ ਰਾਏ ਅਜਾਇਬ ਘਰ ਦਾ ਉਦਘਾਟਨ ਕਰਦਿਆਂ ਮਹਾਨ ਆਜ਼ਾਦੀ ਘੁਲਾਟੀਏ ਵਲੋਂ ਦੇਸ਼ ਦੇ ਸੁਤੰਤਰਤਾ ਸੰਗਰਾਮ 'ਚ ਪਾਏ ਵੱਡਮੁਲੇ ਯੋਗਦਾਨ ਨੂੰ ਯਾਦ ਕੀਤਾ | ਸ੍ਰੀ ਕਟਾਰੀਆ ਨੇ ਲਾਲਾ ਲਾਜਪਤ ਰਾਏ ਨਾਲ ਸੰਬੰਧਤ ਇਸ ਸੰਸਥਾ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਅਜਾਇਬ ਘਰ ਦੀ ਸਥਾਪਨਾ ਇਕ ਸ਼ਲਾਘਾਯੋਗ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਨੌਜਵਾਨ ਪੀੜ੍ਹੀ ਨੂੰ ਨਾ ਸਿਰਫ਼ ਮਹਾਨ ਸੁਤੰਤਰਤਾ ਸੰਗਰਾਮੀ ਦੇ ਜੀਵਨ, ਆਦਰਸ਼ਾਂ, ਆਜ਼ਾਦੀ ਦੇ ਸੰਘਰਸ਼ 'ਚ ਪਾਏ ਯੋਗਦਾਨ ਬਾਰੇ ਜਾਣਨ ਦਾ ਮੌਕਾ ਮਿਲੇਗਾ ਸਗੋਂ ਉਨ੍ਹਾਂ ਨੂੰ ਆਪਣੇ ਇਤਿਹਾਸ ਨਾਲ ਜੁੜਨ ਅਤੇ ਦੇਸ਼ ਦੀ ਤਰੱਕੀ 'ਚ ਸਰਗਰਮ ਭੂਮਿਕਾ ਨਿਭਾਉਣ ਦੀ ਪ੍ਰੇਰਨਾ ਵੀ ਮਿਲੇਗੀ | ਟਰੱਸਟ ਦੇ ਸਕੱਤਰ ਡਾ. ਰਾਜੇਸ਼ ਪਸਰੀਚਾ ਨੇ ਜਾਣਕਾਰੀ ਦਿੱਤੀ ਕਿ ਅਜਾਇਬ ਘਰ 'ਚ ਲਾਲਾ ਲਾਜਪਤ ਰਾਏ ਦੇ ਜੀਵਨ ਨਾਲ ਸੰਬੰਧਤ ਵੱਖ-ਵੱਖ ਤਸਵੀਰਾਂ, ਦਸਤਾਵੇਜ਼ ਆਦਿ ਰੱਖੇ ਗਏ ਹਨ, ਜੋ ਉਨ੍ਹਾਂ ਦੇ ਸੰਘਰਸ਼ ਅਤੇ ਪ੍ਰੇਰਨਾਤਮਕ ਜੀਵਨ ਦੀ ਝਲਕ ਪੇਸ਼ ਕਰਦੇ ਹਨ | ਉਦਘਾਟਨ ਤੋਂ ਪਹਿਲਾਂ ਰਾਜਪਾਲ ਪੰਜਾਬ ਨੇ ਲਾਲਾ ਲਾਜਪਤ ਰਾਏ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ | ਉਪਰੰਤ ਸ੍ਰੀ ਕਟਾਰੀਆ ਨੇ ਲਾਲਾ ਲਾਜਪਤ ਰਾਏ ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ ਵਿਖੇ ਸਿੱਖਿਆਰਥੀਆਂ ਦੇ ਰੂ-ਬਰੂ ਹੁੰਦਿਆਂ ਉਨ੍ਹਾਂ ਨੂੰ ਜੀਵਨ 'ਚ ਅੱਗੇ ਵਧਣ ਲਈ ਆਪਣੇ ਆਪ ਨੂੰ ਉਸਾਰੂ ਅਤੇ ਸਿਰਜਣਾਤਮਕ ਗਤੀਵਿਧੀਆਂ 'ਚ ਰੁਝੇ ਰੱਖਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਸਿਖਿਆਰਥੀਆਂ ਨੂੰ ਹਮੇਸ਼ਾ ਸਿਹਤਮੰਦ, ਖੁਸ਼ ਅਤੇ ਸਕਾਰਾਤਮਕ ਰਹਿਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਉਨ੍ਹਾਂ ਨਾਲ ਪਿ੍ੰਸੀਪਲ ਸਕੱਤਰ ਟੂ ਗਵਰਨਰ ਵਿਵੇਕ ਪ੍ਰਤਾਪ ਸਿੰਘ, ਐਸ.ਡੀ.ਐਮ. ਰਣਦੀਪ ਸਿੰਘ ਹੀਰ, ਗੁਲਾਬ ਦੇਵੀ ਟਰੱਸਟ ਦੇ ਸੀ.ਈ.ਓ. ਡਾ. ਉਰਵਸ਼ੀ ਅਰੋੜਾ, ਟਰੱਸਟੀ ਕੁਮਾਰ ਰਾਜਨ, ਟਰੱਸਟ ਦੇ ਕਾਰਜਕਾਰੀ ਮੈਂਬਰ ਦੀਪਕ ਚੁੱਘ, ਡਾ. ਇੰਦਰਪਾਲ ਸਿੰਘ, ਡਾਇਰੈਕਟਰ ਆਫ਼ ਕਾਲਜਿਜ਼ ਸ਼ਿਵ ਮੋਦਗਿੱਲ ਅਤੇ ਹੋਰ ਹਾਜ਼ਰ ਸਨ |